ਮਾਈਨਿੰਗ ਮਾਮਲੇ 'ਚ ED ਨੇ ਸਾਬਕਾ CM ਚੰਨੀ ਦੇ ਭਤੀਜੇ ਖਿਲਾਫ਼ ਚਾਰਜਸ਼ੀਟ ਕੀਤੀ ਦਾਇਰ
ਜਲੰਧਰ : ਇਨਫੋਰਸਮੈਂਟ ਡਾਇਰੈਕਟੋਰੇਟ ( ED) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ਼ ਹਨੀ ਖਿਲਾਫ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਏਜੰਸੀ ਨੇ ਪੰਜਾਬ ਵਿੱਚ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਦੇ ਵਿਸ਼ੇਸ਼ ਜੱਜ ਰੁਪਿੰਦਰਜੀਤ ਚਾਹਲ ਦੀ ਅਦਾਲਤ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ 31 ਮਾਰਚ ਨੂੰ ਦਾਇਰ ਕੀਤੀ ਚਾਰਜਸ਼ੀਟ ਵਿੱਚ ਇੱਕ ਹੋਰ ਵਿਅਕਤੀ ਦਾ ਨਾਮ ਵੀ ਲਿਆ ਹੈ। ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 6 ਅਪ੍ਰੈਲ ਤੈਅ ਕੀਤੀ ਹੈ। ਫੈਡਰਲ ਏਜੰਸੀ ਨੇ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ ਦੀਆਂ ਧਾਰਾਵਾਂ 3 (ਮਨੀ ਲਾਂਡਰਿੰਗ ਦਾ ਜੁਰਮ), 4 (ਮਨੀ ਲਾਂਡਰਿੰਗ ਲਈ ਸਜ਼ਾ), 44 (ਵਿਸ਼ੇਸ਼ ਅਦਾਲਤਾਂ ਦੁਆਰਾ ਮੁਕੱਦਮੇ ਯੋਗ ਅਪਰਾਧ) ਅਤੇ 45 (ਸਮਝਣਯੋਗ ਅਤੇ ਗੈਰ-ਜ਼ਮਾਨਤੀ ਹੋਣ ਵਾਲੇ ਅਪਰਾਧ) ਦੇ ਦੋਸ਼ ਲਗਾਏ ਹਨ। ਈਡੀ ਨੇ ਬੀਤੀ ਜਨਵਰੀ 'ਚ ਭੁਪਿੰਦਰ ਦੇ ਮੋਹਾਲੀ ਸਥਿਤ ਘਰ ਤੋਂ ਕਰੀਬ 8 ਕਰੋੜ ਰੁਪਏ ਬਰਾਮਦ ਕੀਤੇ ਸਨ।ਬਾਅਦ ਵਿਚ ਉਸ ਦੇ ਦੋਸਤ ਸੰਦੀਪ ਦੇ ਘਰੋਂ 2 ਕਰੋੜ ਰੁਪਏ ਹੋਰ ਮਿਲੇ ਸਨ। ਇਸ ਤੋਂ ਬਾਅਦ ਫਰਵਰੀ 'ਚ ਈਡੀ ਨੇ ਹਨੀ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਹਨੀ ਨੇ ਮੰਨਿਆ ਸੀ ਕਿ ਉਸ ਨੇ ਇਹ ਪੈਸੇ ਅਫਸਰਾਂ ਦੇ ਤਬਾਦਲੇ ਲਈ ਇਕੱਠੇ ਕੀਤੇ ਸਨ। ਇਸ ਮਾਮਲੇ 'ਤੇ ਸਾਬਕਾ ਸੀਐਮ ਚੰਨੀ 'ਤੇ ਦੋਸ਼ ਲਗਾਇਆ ਗਿਆ ਸੀ ਕਿ ਇਹ ਪੈਸਾ ਉਨ੍ਹਾਂ ਦਾ ਹੈ। ਹਾਲਾਂਕਿ ਹਨੀ ਨੇ ਪੁੱਛਗਿੱਛ ਦੌਰਾਨ ਇਸ ਗੱਲ ਤੋਂ ਇਨਕਾਰ ਕੀਤਾ। ਇਹ ਵੀ ਪੜੋ: Weather Updates: ਉੱਤਰੀ ਭਾਰਤ 'ਚ ਫਿਲਹਾਲ ਨਹੀਂ ਮਿਲੇਗੀ ਗਰਮੀ ਤੋਂ ਰਾਹਤ, ਇਨ੍ਹਾਂ ਸੂਬਿਆਂ 'ਚ ਮੀਂਹ ਹਨੀ ਨੂੰ ਈਡੀ ਨੇ 3 ਅਤੇ 4 ਫਰਵਰੀ ਦੀ ਦਰਮਿਆਨੀ ਰਾਤ ਨੂੰ ਗ੍ਰਿਫਤਾਰ ਕੀਤਾ ਸੀ, ਅਤੇ ਏਜੰਸੀ ਨੂੰ ਕਾਨੂੰਨ ਦੁਆਰਾ 60 ਦਿਨਾਂ ਦੇ ਅੰਦਰ ਉਸਦੇ ਖਿਲਾਫ ਚਾਰਜਸ਼ੀਟ ਦਾਇਰ ਕਰਨ ਦੀ ਲੋੜ ਸੀ। ਗੌਰਤਲਬ ਹੈ ਕਿ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ (Sand Mining) ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ CM ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ (Bhupinder SIngh Honey) ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਮੰਨਿਆ ਸੀ ਕਿ ਉਸ ਨੂੰ ਰੇਤ ਦੀ ਖੁਦਾਈ ਲਈ 10 ਕਰੋੜ ਰੁਪਏ ਨਕਦ ਮਿਲੇ ਸੀ। ਉਸ ਸਮੇਂ ਈਡੀ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਸੀ। -PTC News