ਪੰਜਾਬ ਨੇ ਪਹਿਲੀ ਵਾਰ 6 ਮਹੀਨਿਆਂ 'ਚ 10 ਹਜ਼ਾਰ ਕਰੋੜ GST ਦਾ ਅੰਕੜਾ ਪਾਰ ਕੀਤਾ: ਚੀਮਾ

By  Pardeep Singh October 5th 2022 02:04 PM

ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ ਚਾਲੂ ਵਿੱਤੀ ਸਾਲ ਦੌਰਾਨ 10604 ਕਰੋੜ ਰੁਪਏ ਜੀ.ਐਸ.ਟੀ ਵਜੋਂ ਵਸੂਲੇ ਹਨ ਜਿਸ ਨਾਲ ਸੂਬੇ ਵੱਲੋਂ ਜੀ.ਐਸ.ਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਛੇ ਮਹੀਨਿਆਂ ਵਿੱਚ 10 ਹਜ਼ਾਰ ਦਾ ਅੰਕੜਾ ਪਾਰ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਚਾਲੂ ਵਿੱਤੀ ਸਾਲ ਦੌਰਾਨ ਜੀਐਸਟੀ ਵਸੂਲੀ ਵਿੱਚ 22.6 ਫੀਸਦੀ ਦੀ ਵਾਧਾ ਦਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ 8650 ਕਰੋੜ ਰੁਪਏ ਦੀ ਜੀ.ਐਸ.ਟੀ. ਉਗਰਾਹੀ ਹੋਈ ਸੀ ਜਦਕਿ ਮੌਜੂਦਾ ਸਾਲ ਦੌਰਾਨ ਸੂਬੇ ਨੇ ਕੁੱਲ 10604 ਕਰੋੜ ਰੁਪਏ ਦੀ ਜੀ.ਐਸ.ਟੀ. ਉਗਰਾਹੀ ਨਾਲ 1954 ਕਰੋੜ ਰੁਪਏ ਹੋਰ ਕਮਾਏ ਹਨ। ਸਤੰਬਰ 2022 ਦੇ ਜੀਐਸਟੀ ਦੇ ਅੰਕੜਿਆਂ ਦਾ ਖੁਲਾਸਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ 22 ਫੀਸਦੀ ਦੀ ਵਿਕਾਸ ਦਰ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤੰਬਰ 2021 ਵਿੱਚ 1402 ਰੁਪਏ ਦੀ ਕੁਲੈਕਸ਼ਨ ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਜੀਐਸਟੀ ਕੁਲੈਕਸ਼ਨ 1710 ਕਰੋੜ ਰੁਪਏ ਰਹੀ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਸਾਲ 2022-23 ਲਈ ਆਪਣੇ ਪਹਿਲੇ ਬਜਟ ਵਿੱਚ 20,550 ਕਰੋੜ ਰੁਪਏ ਦੀ ਜੀ.ਐਸ.ਟੀ ਉਗਰਾਹੀ ਦਾ ਅਨੁਮਾਨ ਲਗਾਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਨੇ ਪਹਿਲੇ ਛੇ ਮਹੀਨਿਆਂ ਵਿੱਚ 50 ਪ੍ਰਤੀਸ਼ਤ ਤੋਂ ਵੱਧ ਦੀ ਪ੍ਰਾਪਤੀ ਕੀਤੀ ਹੈ ਅਤੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜੀਐਸਟੀ ਦੀ ਉਗਰਾਹੀ ਵਿੱਚ ਚੰਗੇ ਵਾਧੇ ਦੀ ਉਮੀਦ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਾਅਲੀ ਬਿਲਿੰਗ ਨੂੰ ਰੋਕਣ ਦੇ ਨਾਲ-ਨਾਲ ਸਾਰੀਆਂ ਖਾਮੀਆਂ ਨੂੰ ਦੂਰ ਕਰਨ ਲਈ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2022 ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਹੈ, ਜਿਸ ਨਾਲ ਨਾ ਸਿਰਫ਼ ਵਪਾਰੀਆਂ ਨੂੰ ਫਾਇਦਾ ਹੋਵੇਗਾ ਸਗੋਂ ਸੂਬੇ ਦੇ ਆਪਣੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ। ਇਹ ਵੀ ਪੜ੍ਹੋ:ਗਾਜ਼ੀਆਬਾਦ 'ਚ ਸਿਲੰਡਰ ਫਟਣ ਨਾਲ 3 ਮੰਜ਼ਿਲਾ ਮਕਾਨ ਡਿੱਗਿਆ, 3 ਦੀ ਮੌਤ, ਕਈ ਜ਼ਖਮੀ -PTC News

Related Post