Punjab elections 2022: ਅੱਜ ਨਵਾਂਸ਼ਹਿਰ 'ਚ ਬਸਪਾ ਸੁਪਰੀਮੋ ਮਾਇਆਵਤੀ ਕਰਨਗੇ ਚੋਣ ਰੈਲੀ
Punjab Assembly Election: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਅੱਜ ਬਸਪਾ ਸੁਪਰੀਮੋ ਮਾਇਆਵਤੀ (BSP Chief Mayawati) ਅੱਜ ਪੰਜਾਬ ਆਉਣਗੇ। ਉਹ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਪ੍ਰਚਾਰ ਲਈ ਪਹਿਲੀ ਵਾਰ ਪੰਜਾਬ ਆ ਰਹੀ ਹੈ। ਨਵਾਂਸ਼ਹਿਰ ਦੀ ਦਾਣਾ ਮੰਡੀ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਰੈਲੀ ਰੱਖੀ ਗਈ ਹੈ। ਗਠਜੋੜ ਤੋਂ ਬਾਅਦ ਪਹਿਲੀ ਵਾਰ ਦੋਵੇਂ ਪਾਰਟੀਆਂ ਇੱਕੋ ਮੰਚ 'ਤੇ ਨਜ਼ਰ ਆਉਣਗੀਆਂ। ਮਾਇਆਵਤੀ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੀ ਵਰਕਰਾਂ ਨੂੰ ਜੋਸ਼ ਭਰਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਪ੍ਰਸ਼ਾਸਨ ਦੀ ਤਰਫ਼ੋਂ ਰੈਲੀ ਵਿੱਚ ਸਿਰਫ਼ ਇੱਕ ਹਜ਼ਾਰ ਲੋਕਾਂ ਨੂੰ ਹੀ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਰੈਲੀ ਵਿੱਚ ਵਰਕਰਾਂ ਦੀ ਥਾਂ ਮੁੱਖ ਆਗੂ ਹੀ ਹਿੱਸਾ ਲੈ ਸਕਦੇ ਹਨ। ਕੋਰੋਨਾ ਪ੍ਰੋਟੋਕੋਲ ਦੇ ਮੱਦੇਨਜ਼ਰ ਚੋਣ ਰੈਲੀ ਬਹੁਤ ਸੀਮਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਕਾਲੀ ਬਸਪਾ ਦੇ ਗਠਜੋੜ ਤੋਂ ਬਾਅਦ ਨਵਾਂਸ਼ਹਿਰ ਦੀ ਸੀਟ ਬਸਪਾ ਨੂੰ ਮਿਲੀ ਸੀ।
ਬਸਪਾ ਅਧਿਕਾਰੀਆਂ ਮੁਤਾਬਕ ਮਾਇਆਵਤੀ(BSP Chief Mayawati) ਦੁਪਹਿਰ 12 ਵਜੇ ਨਵਾਂਸ਼ਹਿਰ ਦਾਣਾ ਮੰਡੀ ਰੈਲੀ ਵਾਲੀ ਥਾਂ 'ਤੇ ਪਹੁੰਚ ਜਾਵੇਗੀ। ਇਸ ਰੈਲੀ ਵਿੱਚ ਬਹੁਜਨ ਸਮਾਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸਤੀਸ਼ ਚੰਦਰ ਮਿਸ਼ਰਾ, ਬਹੁਜਨ ਸਮਾਜ ਪਾਰਟੀ ਦੇ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਪੰਜਾਬ ਦੇ ਇੰਚਾਰਜ ਵਿਪੁਲ ਕੁਮਾਰ, ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਹਾਜ਼ਰ ਹੋਣਗੇ। ਇਥੇ ਪੜ੍ਹੋ ਹੋਰ ਖ਼ਬਰਾਂ: ਮਹਾਭਾਰਤ 'ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਸੋਬਤੀ ਦਾ ਹੋਇਆ ਦੇਹਾਂਤ - ਦੂਜੇ ਪਾਸੇ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਮਾਇਆਵਤੀ ਅਤੇ ਸੁਖਬੀਰ ਸਿੰਘ ਬਾਦਲ ਨਵਾਂਸ਼ਹਿਰ ਆ ਰਹੇ ਹਨ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਕ ਹਜ਼ਾਰ ਕੁਰਸੀਆਂ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਰੈਲੀ ਵਿੱਚ ਬਸਪਾ ਅਤੇ ਅਕਾਲੀ ਦਲ ਦੇ ਵੱਡੇ ਆਗੂ ਸ਼ਾਮਲ ਹੋਣਗੇ। -PTC News