ਜੇਲ੍ਹ ਅੰਦਰ ਗੈਰ ਕਾਨੂੰਨੀ ਸਮਾਨ ਸੁੱਟਣ ਵਾਲੇ ਸਮੇਤ ਜੇਲ੍ਹ ਦੇ ਦੋ ਕੈਦੀਆਂ ਕੋਲੋਂ ਮੋਬਾਈਲ ਬਰਾਮਦ
ਅੰਮ੍ਰਿਤਸਰ, 23 ਨਵੰਬਰ: ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬਾਹਰ ਤੋਂ ਸੁੱਟੇ ਜਾਂਦੇ ਮੋਬਾਇਲ, ਨਸ਼ਾ ਅਤੇ ਦੂਸਰੇ ਵਰਜਿਤ ਸਾਮਾਨ ਜਾਣ ਦੀਆਂ ਘਟਨਾਵਾਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕਾਫੀ ਵਾਧਾ ਹੋ ਰਿਹਾ ਹੈ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ) ਬੀ.ਚੰਦਰ ਸ਼ੇਖਰ ਵੱਲੋਂ ਜੇਲ੍ਹ ਸੁਪਰਡੈਂਟ ਸੁਰਿੰਦਰ ਸਿੰਘ ਨੂੰ ਜੇਲ੍ਹ ਅੰਦਰ ਮੋਬਾਇਲ ਦੇ ਇਸਤੇਮਾਲ 'ਤੇ ਸਖਤੀ ਨਾਲ ਨੱਥ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ।
ਜਿਸ ਦੇ ਚੱਲਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦੀ ਅਗਵਾਈ ਹੇਠ ਸੁਪਰਡੈਂਟ ਜੇਲ੍ਹ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਅੰਦਰ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾ ਕੇ ਬੁੱਧਵਾਰ ਨੂੰ ਕੈਦੀ ਲਵਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਸਤਨਾਮ ਸਿੰਘ ਕੋਲੋਂ 2 ਮੋਬਾਇਲ ਫੋਨ ਸਮੇਤ ਸਿਮ ਬਰਾਮਦ ਕੀਤੇ ਗਏ ਅਤੇ ਉਹਨਾਂ ਦੇ ਖਿਲਾਫ ਮੁੱਕਦਮਾ ਦਰਜ ਕਰਵਾਇਆ ਗਿਆ।
ਦੱਸਣਯੋਗ ਹੈ ਕਿ ਨਵੰਬਰ ਮਹੀਨੇ ਦੇ ਪਿਛਲੇ 22 ਦਿਨਾਂ ਅੰਦਰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਕੈਦੀਆਂ ਕੋਲੋਂ ਕੁੱਲ 43 ਮੋਬਾਇਲ ਫੋਨ ਜ਼ਬਤ ਕੀਤੇ ਗਏ ਹਨ ਅਤੇ ਮੁਲਜ਼ਮਾਂ ਖਿਲਾਫ ਮੁੱਕਦਮੇ ਦਰਜ ਕੀਤੇ ਗਏ ਹਨ। ਜੇਲ੍ਹ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੇਲ੍ਹ ਅੰਦਰ ਗੈਰ ਕਾਨੂੰਨੀ ਵਸਤੂਆਂ ਸੁੱਟਣ ਨੂੰ ਰੋਕਣ ਲਈ ਚਲਾਈ ਮੁਹਿੰਮ ਤਹਿਤ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਵਿਅਕਤੀ ਵੱਲੋਂ ਜੇਲ੍ਹ ਦੇ ਉੱਤਰੀ ਹਿੱਸੇ ਵੱਲੋਂ ਵਰਜਿਤ ਵਸਤੂਆਂ ਸੁੱਟੀਆਂ ਜਾਣੀਆਂ ਹਨ।
ਇਹ ਵੀ ਪੜ੍ਹੋ: ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਜੋੜੇ 'ਤੇ ਮਾਮਲਾ ਦਰਜ
ਜਿਸ ਸੂਚਨਾ ਨੂੰ ਮਨਿੰਦਰ ਸਿੰਘ, ਏਸੀਪੀ ਦੱਖਣੀ ਨਾਲ ਸਾਂਝਾ ਕੀਤਾ ਗਿਆ, ਜਿਸ 'ਤੇ ਮਨਿੰਦਰ ਸਿੰਘ ਨੇ ਜੇਲ੍ਹ ਡਿਪਟੀ ਸੁਪਰਡੈਂਟ ਰਾਜਾ ਨਵਦੀਪ ਸਿੰਘ ਅਤੇ ਪੁਲਿਸ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨਾਲ ਮਿਲਕੇ ਕੀਤੇ ਵਿਸ਼ੇਸ ਆਪ੍ਰੇਸ਼ਨ ਵਿੱਚ ਮੁਲਜ਼ਮ ਮੋਹਿਤ ਸਿੰਘ ਉਰਫ ਮੋਂਗਲੀ ਪੁੱਤਰ ਹਰਜਿੰਦਰ ਸਿੰਘ ਵਾਸੀ ਗਲੀ ਨੂੰ 37, ਨੇੜੇ ਪਾਰ ਦੀ ਹਵੇਲੀ, ਫਤਿਹ ਸਿੰਘ ਕਲੋਨੀ, ਥਾਣਾ ਗੇਟ ਹਕੀਮਾ ਅੰਮ੍ਰਿਤਸਰ ਨੂੰ ਜੇਲ੍ਹ ਦੀ ਚਾਰ ਦੀਵਾਰੀ ਦੇ ਨਜਦੀਕ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਜੇਲ੍ਹ ਅੰਦਰ ਵਰਜਿਤ ਸਾਮਾਨ ਸੁੱਟ ਰਿਹਾ ਸੀ।
ਗ੍ਰਿਫਤਾਰ ਕੀਤੇ ਵਿਅਕਤੀ ਕੋਲੋਂ ਗੈਰ ਕਾਨੂੰਨੀ ਸਮਾਨ ਜਿਸ ਵਿੱਚ ਮੋਬਾਈਲ, ਨਸ਼ੀਲਾ ਪਦਾਰਥ, ਬੀੜੀਆਂ ਅਤੇ ਤੰਬਾਕੂ ਆਦਿ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
- ਰਿਪੋਰਟਰ ਮਨਿਦੰਰ ਸਿੰਘ ਮੋਂਗਾ ਦੇ ਸਹਯੋਗ ਨਾਲ