ਸਮਝੌਤੇ ਦੀ ਸਜ਼ਾ? 'ਆਪ' ਵਿਧਾਇਕ ਨਾਲ ਸਮਝੌਤੇ ਦੇ ਬਾਵਜੂਦ ਡੀਸੀਪੀ ਦਾ ਤਬਾਦਲਾ
ਜਲੰਧਰ, 23 ਸਤੰਬਰ: ਡੀਸੀਪੀ ਨਰੇਸ਼ ਡੋਗਰਾ ਨੂੰ ਡੀਸੀਪੀ ਸਕਿਉਰਿਟੀ ਤੋਂ ਹਟਾ ਕੇ ਏਆਈਜੀ ਪੀਏਪੀ ਤਾਇਨਾਤ ਕਰ ਦਿੱਤਾ ਗਿਆ। ਇਹ ਖ਼ਬਰ ਉਦੋਂ ਆ ਰਹੀ ਹੈ ਜਦੋਂ ਡੀਸੀਪੀ ਦਾ 'ਆਪ' ਵਿਧਾਇਕ ਰਮਨ ਅਰੋੜਾ ਨਾਲ ਵਿਵਾਦ ਮਗਰੋਂ ਸਮਝੌਤਾ ਹੋਣ ਦੀ ਗੱਲ ਕਹੀ ਜਾ ਰਹੀ ਸੀ। ਕਾਬਲੇਗੌਰ ਹੈ ਕਿ ਬੀਤੇ ਕੱਲ੍ਹ 'ਆਪ' ਵਿਧਾਇਕ ਨਾਲ ਹੋਏ ਪੰਗੇ ਤੋਂ ਬਾਅਦ ਨਰੇਸ਼ ਡੋਗਰਾ ਦੀ ਟਰਾਂਸਫਰ ਕਰ ਦਿੱਤੀ ਗਈ ਹੈ ਹਾਲਾਂਕਿ ਰਿਪੋਰਟ ਕੀਤੀ ਗਈ ਹੱਥੋਂਪਾਈ ਮਗਰੋਂ 'ਆਪ' ਵਿਧਾਇਕ ਤੇ ਉਨ੍ਹਾਂ ਦੇ ਸਮਰਥਕਾਂ ਅਤੇ ਡੀਸੀਪੀ ਨਰੇਸ਼ ਡੋਗਰਾ ਦਾ ਸਮਝੌਤਾ ਕਰਵਾ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਸ਼ਾਸਤਰੀ ਮਾਰਕੀਟ ਸਥਿਤ ਇੱਕ ਪ੍ਰਾਪਰਟੀ ਨੂੰ ਲੈ ਕੇ ਡੀਸੀਪੀ ਰੈਂਕ ਦੇ ਅਧਿਕਾਰੀ ਅਤੇ 'ਆਪ' ਵਿਧਾਇਕ ਵਿਚਾਲੇ ਝੜਪ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਕਾਫ਼ੀ ਭੱਖ ਗਿਆ ਸੀ। ਇਸ ਵੀਡੀਓ ਵਿੱਚ ਡੀਸੀਪੀ ਨਾਲ ਕੁੱਟਮਾਰ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਹਨ। ਵੀਡੀਓ 'ਚ ਵੇਖਿਆ ਜਾ ਸਕਦਾ ਕਿ MLA ਦੇ ਸਮਰਥਕਾਂ ਨੇ ਡੀਸੀਪੀ ਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਅਤੇ ਉਹ ਸਾਰਿਆਂ ਵਿਚਕਾਰ ਬੇਵੱਸ ਨਜ਼ਰ ਬੈਠੇ ਹੋਏ ਸਨ, ਇਸ ਦਰਮਿਆਨ ਹੱਥੋਂਪਾਈ ਵੀ ਹੋਈ।
ਉਕਤ ਘਟਨਾ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਸੇਵੇਰਾ ਭਵਨ ਵਿਖੇ ਵਾਪਰੀ। ਜਲੰਧਰ ਕਮਿਸ਼ਨਰੇਟ ਦੇ ਡੀਸੀਪੀ ਸ਼ਾਸਤਰੀ ਮਾਰਕੀਟ 'ਚ ਜਾਇਦਾਦ ਦੇ ਝਗੜੇ ਨੂੰ ਸੁਲਝਾਉਣ ਲਈ ਪੁੱਜੇ ਸਨ। ਇਸ ਦੌਰਾਨ ਦੂਜੇ ਪਾਸੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੇ ਸਮਰਥਕਾਂ ਨਾਲ ਪਹੁੰਚ ਗਏ। ਪਹਿਲੀ ਗੱਲਬਾਤ ਦੌਰਾਨ ਡੀਸੀਪੀ ਅਤੇ ਵਿਧਾਇਕ 'ਚ ਬਹਿਸ ਵੀ ਹੋਈ ਪਰ ਬਾਅਦ ਵਿੱਚ ਇਹ ਝਗੜਾ ਹਿੰਸਾ 'ਚ ਬਦਲ ਗਿਆ। ਜ਼ਿਕਰਯੋਗ ਹੈ ਕਿ ਇਸ ਮੌਕੇ ਆਮ ਆਦਮੀ ਪਾਰਟੀ ਅੱਗੇ ਨਾ ਤਾਂ ਡੋਗਰਾ 'ਤੇ ਨਾ ਹੀ ਕਿਸੀ ਹੋਰ ਉੱਚ ਪੁਲਿਸ ਅਧਿਕਾਰੀ ਦੀ ਚੱਲ ਪਾਈ।