ਪੰਜਾਬ ਬੋਰਡ ਦੇ 12ਵੀਂ ਜਮਾਤ ਦੇ ਇਮਤਿਹਾਨਾਂ 'ਚ ਕੁੜੀਆਂ ਨੇ ਮਾਰੀ ਬਾਜ਼ੀ

By  Jasmeet Singh June 28th 2022 04:35 PM -- Updated: June 28th 2022 04:41 PM

ਮੁਹਾਲੀ, 28 ਜੂਨ: ਪੰਜਾਬ ਬੋਰਡ ਬਾਰ੍ਹਵੀਂ ਦੀ ਬੋਰਡ ਪ੍ਰੀਖਿਆ ਵਿੱਚ ਕੁੱਲ 96.96 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਦੱਸ ਦੇਈਏ ਕਿ 12ਵੀਂ ਦੀ ਪ੍ਰੀਖਿਆ ਵਿੱਚ ਕੁੱਲ 3,01,725 ​​ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਸ ਦੇ ਨਾਲ ਹੀ ਕੁੱਲ 2,92,520 ਵਿਦਿਆਰਥੀ ਪ੍ਰੀਖਿਆ ਵਿੱਚ ਸਫਲ ਹੋਏ ਹਨ। ਇਨ੍ਹਾਂ ਵਿੱਚੋਂ 97.78 ਫੀਸਦੀ ਲੜਕੀਆਂ ਅਤੇ 96.27 ਫੀਸਦੀ ਲੜਕੇ ਪਾਸ ਹੋਏ ਹਨ। ਯਾਨੀ ਇਹ ਇਮਤਿਹਾਨ ਕੁੜੀਆਂ ਨੇ ਜਿੱਤ ਲਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਜਮਾਤ ਦੀ ਟਰਮ-2 ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਗਿਆ। ਇਹ ਨਤੀਜਾ ਪਹਿਲਾਂ 27 ਜੂਨ ਨੂੰ ਦੁਪਹਿਰ 3 ਵਜੇ ਐਲਾਨਿਆ ਜਾਣਾ ਸੀ ਪਰ ਹੁਣ ਅੱਜ 3.15 ਵਜੇ ਤੱਕ ਐਲਾਨਿਆ ਗਿਆ। ਹਾਲਾਂਕਿ ਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ 28 ਜੂਨ ਨੂੰ 10ਵੀਂ ਦੇ ਨਤੀਜਿਆਂ ਦਾ ਐਲਾਨ ਹੋਣਾ ਹੈ ਤੇ 12ਵੀਂ ਦੇ ਨਤੀਜਿਆਂ ਨੂੰ 30 ਜੂਨ ਨੂੰ ਐਲਾਨਿਆ ਜਾਵੇਗਾ ਪਰ ਦੋਵਾਂ ਦੀ ਪੰਜਾਬ ਬੋਰਡ ਵੱਲੋਂ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਸੀ। ਨਤੀਜਿਆਂ ਦਾ ਲਿੰਕ ਅੱਜ 3 ਵਜੇ ਐਕਟੀਵੇਟ ਹੋਇਆ, ਜਿਸ ਤੋਂ ਬਾਅਦ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਬੱਚੇ ਆਪਣਾ ਨਤੀਜਾ ਦੇਖ ਸਕਦੇ ਤੇ ਡਾਊਨਲੋਡ ਵੀ ਕਰ ਸਕਦੇ। ਵਿਦਿਆਰਥੀ ਹੇਠਾਂ ਦਿੱਤੇ ਸਧਾਰਨ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ-: - ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣ - ਹੋਮ ਪੇਜ 'ਤੇ 'PSEB 12ਵੀਂ ਨਤੀਜਾ 2022' ਲਿੰਕ 'ਤੇ ਕਲਿੱਕ ਕਰੋ - ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ - ਹੁਣ ਤੁਹਾਡਾ ਨਤੀਜਾ ਫਰੰਟ ਸਕਰੀਨ 'ਤੇ ਪ੍ਰਦਰਸ਼ਿਤ ਹੋਵੇਗਾ - ਨਤੀਜਾ ਡਾਊਨਲੋਡ ਕਰੋ ਅਤੇ ਭਵਿੱਖ ਵਿੱਚ ਵਰਤੋਂ ਲਈ ਇਸਦਾ ਪ੍ਰਿੰਟ ਆਊਟ ਲਓ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਵਿੱਚ ਅਪ੍ਰੈਲ ਤੋਂ ਮਈ 2022 ਤੱਕ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਈਆਂ ਸਨ। ਦਸਵੀਂ ਜਮਾਤ ਦੀ ਪ੍ਰੀਖਿਆ 29 ਅਪ੍ਰੈਲ 2022 ਤੋਂ 19 ਮਈ ਤੱਕ ਅਤੇ 12ਵੀਂ ਜਮਾਤ ਦੀ ਪ੍ਰੀਖਿਆ 22 ਅਪ੍ਰੈਲ 2022 ਤੋਂ 23 ਮਈ 2022 ਤੱਕ ਕਰਵਾਈ ਗਈ ਸੀ। -PTC News

Related Post