ਜਲੰਧਰ : ਜਲੰਧਰ ਦੇ ਐਸਐਸਪੀ ਦਫ਼ਤਰ ਦੇ ਬਾਹਰ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਇਕ ਔਰਤ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਔਰਤ ਵੱਲੋਂ ਆਪਣੇ ਪਤੀ ਦੇ ਤਾਏ ਉਤੇ ਗੰਭੀਰ ਇਲਜ਼ਾਮ ਲਗਾਏ ਹਨ ਕਿ ਉਹ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ਉਤੇ ਪਰੇਸ਼ਾਨ ਕਰਦਾ ਹੈ। ਜ਼ਿਲ੍ਹਾ ਜਲੰਧਰ ਦੇ ਪਿੰਡ ਦੂਹੜਾ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੀ ਬੇਟੀ ਤੇ ਜਵਾਈ ਨਾਲ ਰਹਿੰਦੀ ਅਤੇ ਥੋੜ੍ਹੀ ਜਿਹੀ ਜ਼ਮੀਨ ਨਾਲ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੇ ਪਤੀ ਦਾ ਸ਼ਰੀਕੇ ਵਿੱਚ ਤਾਇਆ ਲੱਗਦਾ ਹੈ ਤੇ ਉਸ ਦਾ ਬੇਟਾ ਅਤੇ ਨੂੰਹ ਜੋ ਕਿ ਉਸ ਦੇ ਪਤੀ ਨੂੰ ਨਸ਼ੇ ਦੀ ਲੱਤ ਲਗਾ ਰਹੇ ਹਨ ਤੇ ਨਾਲ ਹੀ ਉਨ੍ਹਾਂ ਦੀ ਜ਼ਮੀਨ ਨੂੰ ਵੀ ਹੜੱਪਣਾ ਚਾਹੁੰਦੇ ਹਨ। ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ 2012 ਤੋਂ ਲੈ ਕੇ 2022 ਤੱਕ 7 ਸ਼ਿਕਾਇਤਾਂ ਐਸਐਸਪੀ ਦਫਤਰ ਵਿੱਚ ਦੇ ਚੁੱਕੀ ਹੈ ਪਰ ਅਜੇ ਤਕ ਕਿਸੇ ਵੀ ਸ਼ਿਕਾਇਤ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਔਰਤ ਨੇ ਆਪਣੇ ਇਲਾਕੇ ਦੇ ਥਾਣੇ ਦੇ ਮੁਲਜ਼ਮਾਂ ਉਤੇ ਵੀ ਗੰਭੀਰ ਦੋਸ਼ ਲਗਾਏ ਹਨ ਕਿ ਉਹ ਆਪਣੀ ਸ਼ਿਕਾਇਤ ਨਾ ਦੇਵੇ। ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਜਦੋਂ ਤਕ ਉਸਨੂੰ ਇਨਸਾਫ ਨਹੀਂ ਮਿਲਦਾ ਉਹ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ਉਤੇ ਬੈਠੀ ਰਹੇਗੀ। ਦੂਜੇ ਪਾਸੇ ਐਸਐਸਪੀ ਦਫ਼ਤਰ ਦੇ ਮੁਲਾਜ਼ਮਾਂ ਨੇ ਧਰਨੇ ਉਤੇ ਬੈਠੀ ਔਰਤ ਕੋਲੋਂ ਸ਼ਿਕਾਇਤ ਦੀ ਕਾਪੀ ਲੈ ਲਈ ਹੈ ਤੇ ਸਬੰਧਤ ਥਾਣੇ ਦੇ ਐਸਐਚਓ ਨੂੰ ਮਾਰਕ ਕਰ ਦਿੱਤੀ ਹੈ ਤੇ ਜਲਦ ਹੀ ਕਾਰਵਾਈ ਆਰੰਭ ਦਿੱਤੀ ਜਾਵੇਗੀ। ਇਹ ਵੀ ਪੜ੍ਹੋ : ਦੋ ਸਾਬਕਾ ਡੀਆਈਜੀ ਜਾਖੜ ਤੇ ਸੱਗੂ ਖ਼ਿਲਾਫ਼ ਕੇਸ ਦਰਜ