ਪਟਿਆਲਾ : ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸਮੂਹ ਕਾਂਸਟੀਚੂਐਂਟ ਕਾਲਜਾਂ ਦੀ ਗੈਸਟ ਫੈਕਲਟੀ ਅਧਿਆਪਕ ਯੂਨੀਅਨ ਵੱਲੋਂ ਆਪਣੇ 12 ਮਹੀਨੇ ਲਗਾਤਾਰ ਸੇਵਾਵਾਂ ਦੀ ਤਨਖਾਹ ਦੇਣ ਸਬੰਧੀ ਮੰਗ ਨੂੰ ਲੈ ਕੇ ਪੰਜਾਬੀ ਲੈ ਯੂਨੀਵਰਸਿਟੀ ਪਟਿਆਲਾ ਵਿਖੇ ਵੀ.ਸੀ ਦਫਤਹ ਦੇ ਸਾਹਮਣੇ ਅਣਮਿਥੇ ਸਮੇਂ ਲਈ ਦਿਨ ਰਾਤ ਧਰਨੇ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗੈਸਟ ਫੈਕਲਟੀ ਅਧਿਆਪਕ ਪੜ੍ਹਾਉਣ ਦੇ ਨਾਲ-ਨਾਲ ਕਾਲਜ ਦੇ ਹੋਰ ਸਾਰੇ ਗੈਰ ਅਧਿਆਪਨ ਕੰਮ ਪੂਰੇ ਸਾਲ ਲਈ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਹਨ ਪਰ ਇਨ੍ਹਾਂ ਅਧਿਆਪਕਾਂ ਨੂੰ ਤਨਖਾਹ ਕੇਵਲ ਸੱਤ ਜਾਂ ਅੱਠ ਮਹੀਨਿਆਂ ਦੀ ਹੀ ਦਿੱਤੀ ਜਾਂਦੀ ਹੈ। ਇਸ ਸਬੰਧੀ ਆਪਣੀਆਂ ਸੇਵਾਵਾਂ ਨੂੰ 12 ਮਹੀਨੇ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ। ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੁਆਰਾ ਇੱਕ ਪੱਤਰ ਜਾਰੀ ਕੀਤਾ ਗਿਆ , ਜਿਸ ਅਨੁਸਾਰ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਸੇਵਾਵਾਂ 11 ਮਹੀਨੇ 25 ਦਿਨ ਕਰ ਦਿੱਤੀਆਂ ਗਈਆਂ। ਇਸ ਕਾਰਨ ਗੈਸਟ ਫੈਕਲਟੀ ਅਧਿਆਪਾਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਜਿਹੀ ਹਾਸੋਹੀਣੀ ਸਥਿਤੀ ਨੂੰ ਦੇਖਦੇ ਹੋਏ ਗੈਸਟ ਫੈਕਲਟੀ ਨੇ ਮੰਗ ਕੀਤੀ ਕਿ ਜੇਕਰ ਅਸੀਂ 12 ਮਹੀਨੇ ਕੰਮ ਕਰਾਂਗੇ ਤਾਂ ਸਾਨੂੰ ਤਨਖਾਹ ਵੀ 12 ਮਹੀਨੇ ਹੀ ਦਿੱਤੀ ਜਾਵੇ। ਇਸ ਸਬੰਧੀ ਜਦੋਂ ਅਥਾਰਟੀ ਨਾਲ ਗੱਲ ਕੀਤੀ ਗਈ ਤਾਂ ਅਥਾਰਿਟੀ ਵੱਲੋਂ ਕਿਹਾ ਗਿਆ ਕਿ ਤੁਸੀਂ ਕਾਲਜ ਵਿਚ ਕੰਮ 12 ਮਹੀਨੇ ਹੀ ਕਰੋਗੇ ਪਰ ਤਨਖਾਹ ਤੁਹਾਨੂੰ ਸੱਤ ਤੋਂ ਅੱਠ ਮਹੀਨੇ ਦੀ ਹੀ ਮਿਲੇਗੀ। ਅਜਿਹੀ ਘੋਰ ਬੇਇਨਸਾਫ਼ੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਸਮੂਹ ਗੈਸਟ ਫੈਕਲਟੀ ਨੇ ਦਿਨ ਰਾਤ ਦਾ ਧਰਨਾ ਅੱਜ ਤੋਂ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਗੈਸਟ ਫੈਕਲਟੀ ਅਧਿਆਪਕ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੋਂ ਰਣਜੀਤ ਸਿੰਘ ਸਰਵਾਜਪੁਰ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਅਮਨਦੀਪ ਸਿੰਘ , ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਤੋਂ ਬਿਕਰਮ ਬਾਗ਼ੀ ਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਤੋਂ ਸੰਦੀਪ ਕੌਰ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਗੈਸਟ ਫੈਕਲਟੀ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਮੰਗਾਂ ਨਾ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ। ਇਹ ਵੀ ਪੜ੍ਹੋ : ਸ਼ਹਿਰ 'ਚ ਦੋ ਮੁੱਖ ਮੰਤਰੀਆਂ ਦੀ ਫੇਰੀ ਦਰਮਿਆਨ ਅਲਰਟ ਦੇ ਬਾਵਜੂਦ ਲੁਟੇਰਿਆਂ ਨੇ 5 ਲੱਖ ਰੁਪਏ ਲੁੱਟੇ