ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ 100 ਮੀਟਰ ਦੇ ਘੇਰੇ 'ਚ ਧਰਨੇ ਅਤੇ ਰੈਲੀਆਂ ਕਰਨ 'ਤੇ ਪਾਬੰਦੀ

By  Pardeep Singh July 1st 2022 03:19 PM

ਮੋਹਾਲੀ: ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ  ਅਮਿਤ ਤਲਵਾੜ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਚਾਰਦੀਵਾਰੀ ਦੇ ਅੰਦਰ ਅਤੇ ਚਾਰਦੀਵਾਰੀ ਦੇ ਬਾਹਰ 100 ਮੀਟਰ ਤੱਕ ਦੇ ਘੇਰੇ ਵਿੱਚ ਧਰਨੇ ਅਤੇ ਰੈਲੀਆਂ ਕਰਨ ਉਤੇ ਪੂਰਨ ਤੌਰ ਉਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ । ਇਨ੍ਹਾਂ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮੰਗ ਪੱਤਰ ਵਗੈਰਾ ਦੇਣ ਲਈ ਪੰਜ ਵਿਅਕਤੀਆਂ ਤੋਂ ਘੱਟ ਗਿਣਤੀ ਵਿੱਚ ਵਿਅਕਤੀ ਇਸ ਚਾਰ ਦੀਵਾਰੀ ਦੇ ਮੁੱਖ ਗੇਟ ਵਿੱਚੋਂ ਲੰਘ ਕੇ ਇਸ ਦਫਤਰ ਵਿੱਚ ਆਉਣ ਉਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਹ ਹੁਕਮ 29 ਅਗਸਤ 2022 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਲਾਗੂ ਰਹਿਣਗੇ। ਤਲਵਾੜ ਨੇ ਦੱਸਿਆ ਕਿ ਧਿਆਨ ਵਿੱਚ ਆਇਆ ਹੈ ਕਿ ਆਮ ਤੌਰ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਬਿਲਡਿੰਗ ਦੇ ਆਲੇ ਦੁਆਲੇ ਆਮ ਜਨਤਾ, ਰਾਜਸੀ ਪਾਰਟੀਆਂ ਅਤੇ ਕਰਮਚਾਰੀ ਸੰਗਠਨਾ ਆਦਿ ਵੱਲੋਂ ਰੈਲੀਆਂ ਧਰਨੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਦਫ਼ਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਆਮ ਜਨਤਾ ਨੂੰ ਦਫ਼ਤਰ ਵਿੱਚ ਆਉਂਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਬਿਲਡਿੰਗ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ, ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋ ਸਕਦੀ ਹੈ। ਇਸ ਸਥਿਤੀ ਦੇ ਮੱਦੇ ਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ । ਇਹ ਵੀ ਪੜ੍ਹੋ:ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ ਵਧਾ ਕੇ 15 ਫ਼ੀਸਦੀ ਕੀਤੀ, ਸੋਨਾ ਹੋਵੇਗਾ ਮਹਿੰਗਾ -PTC News

Related Post