ਪ੍ਰਨੀਤ ਕੌਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ

By  Pardeep Singh April 12th 2022 02:25 PM

ਪਟਿਆਲਾ: ਸਾਂਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਅੱਤ ਦੀ ਗਰਮੀ ਕਾਰਨ ਕਣਕ ਦੇ ਝਾੜ ਵਿੱਚ ਆਈ ਕਮੀ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਬਾਰਿਸ਼ ਨਾ ਹੋਣ ਕਾਰਨ ਗਰਮੀ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਕਾਰਨ ਕਣਕ ਦੀ ਫ਼ਸਲ ਬਹੁਤ ਪ੍ਰਭਾਵਿਤ ਹੋਈ ਹੈ। ਹਰ ਕਿਸਾਨ ਨੂੰ ਪ੍ਰਤੀ ਏਕੜ 5-7 ਕੁਇੰਟਲ ਕਣਕ ਦਾ ਨੁਕਸਾਨ ਹੋ ਰਿਹਾ ਹੈ। ਪਟਿਆਲਾ ਸਾਂਸਦ ਨੇ ਅੱਗੇ ਦੱਸਿਆ ਹੈ ਕਿ ਪਹਿਲਾਂ ਪ੍ਰਤੀ ਏਕੜ ਝਾੜ 20 ਤੋਂ 22 ਕੁਇੰਟਲ ਹੁੰਦਾ ਸੀ ਪਰ ਇਸ ਵਾਰ ਜਲਦੀ ਅਤੇ ਤੇਜ਼ ਗਰਮੀ ਪੈਣ ਕਾਰਨ ਕਣਕ ਦਾ ਝਾੜ 15 ਤੋਂ 17 ਕੁਇੰਟਲ ਹੀ ਨਿਕਲਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 5-7 ਕੁਇੰਟਲ ਪ੍ਰਤੀ ਏਕੜ ਕਣਕ ਦਾ ਝਾੜ ਘੱਟਣਾ ਮਤਲਬ ਹਰ ਕਿਸਾਨ ਨੂੰ ਪ੍ਰਤੀ ਏਕੜ 10-15 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮੰਗ ਕੀਤੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਲਈ ਆਰਥਿਕ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਖੇਤੀ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਹੈ ਅਤੇ ਪੰਜਾਬ ਦਾ ਇੱਕ ਵੱਡਾ ਤਬਕਾ ਖੇਤੀਬਾੜੀ 'ਤੇ ਨਿਰਭਰ ਹੈ। ਇਹ ਵੀ ਪੜ੍ਹੋ:ਮਾਨਵੀ ਅਧਿਕਾਰਾਂ 'ਤੇ ਵੱਡਾ ਮਾਰਿਆ ਡਾਕਾ, ਅਮਰੀਕਾ ਨੇ ਭਾਰਤ 'ਤੇ ਵਧਾਈ ਨਿਗਰਾਨੀ -PTC News

Related Post