ਪਟਿਆਲਾ : ਪੰਜਾਬ ਵਿੱਚ ਵੱਖ-ਵੱਖ ਥਾਵਾਂ ਉਤੇ ਬੀਤੀ ਰਾਤ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਪਾਵਰਕਾਮ ਨੂੰ ਮਾਮੂਲੀ ਰਾਹਤ ਦਿੱਤੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਅਤੇ ਕਈ ਥਾਈਂ ਤੇਜ਼ ਹਨੇਰੀ ਵੀ ਚੱਲੀ। ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵਿੱਚ 2 ਹਜ਼ਾਰ ਮੈਗਾਵਾਟ ਤੋਂ ਵੱਧ ਦੀ ਕਮੀ ਆਈ ਹੈ। ਬੀਤੇ ਦਿਨ ਬਿਜਲੀ ਦੀ ਮੰਗ 12800 ਰਹੀ ਜਦਕਿ ਅੱਜ 10500 ਮੈਗਾਵਾਟ ਮੰਗ ਰਿਕਾਰਡ ਕੀਤੀ ਗਈ। ਪਾਵਰਕਾਮ ਵੱਲੋਂ ਕੇਂਦਰੀ ਪੂਲ ਤੋਂ 7 ਹਜ਼ਾਰ ਦੇ ਕਰੀਬ ਵੱਖ-ਵੱਖ ਤਰੀਕਿਆਂ ਨਾਲ ਬਿਜਲੀ ਲਈ ਜਾ ਰਹੀ ਹੈ। ਰਾਜਪੁਰਾ ਤੇ ਤਲਵੰਡੀ ਸਾਬੋ ਪਲਾਂਟ ਅੱਧੀ ਸਮਰੱਥਾ ਉਤੇ ਕਰ ਦਿੱਤੇ ਹਨ ਜਦਕਿ ਕੋਲੇ ਦੀ ਬੱਚਤ ਲਈ ਗੋਇੰਦਵਾਲ ਸਾਹਿਬ ਦਾ ਇੱਕ ਯੂਨਿਟ ਬੰਦ ਕੀਤਾ ਗਿਆ ਹੈ। ਰੋਪੜ ਤੇ ਲਹਿਰਾ ਮੁਹੱਬਤ ਦਾ ਇੱਕ-ਇੱਕ ਯੂਨਿਟ ਤਕਨੀਕੀ ਖ਼ਰਾਬੀ ਕਰ ਕੇ ਬੰਦ ਹੈ। ਕੁਲ ਮਿਲਾ ਕੇ ਪੰਜਾਬ ਦੇ ਆਪਣੇ ਸ੍ਰੋਤਾਂ (ਥਰਮਲ, ਹਾਈਡਲ ਤੇ ਸੋਲਰ) ਤੋਂ 3800 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪੜਾਅਵਾਰ ਝੋਨੇ ਦੀ ਲੁਆਈ ਦਾ ਅੱਜ ਤੀਜਾ ਦਿਨ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਦਿੱਤੀ। ਪੰਜਾਬ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ਬਿਲਕੁਲ ਸਹੀ ਸਾਬਿਤ ਹੋਈ। ਗਰਮੀਆਂ ਦੇ ਪ੍ਰਕੋਪ ਵਿਚਕਾਰ ਠੰਡੀਆਂ ਹਵਾਵਾਂ ਅਤੇ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਉਨ੍ਹਾਂ ਨੂੰ ਠੰਡਕ ਦਾ ਅਹਿਸਾਸ ਕਰਵਾਇਆ ਹੈ। ਭਾਰੀ ਮੀਂਹ ਦੇ ਨਾਲ-ਨਾਲ ਹਨੇਰੀ ਵੀ ਚੱਲੀ। ਤੜਕ ਸਾਰ ਤੋਂ ਹੀ ਪੰਜਾਬ ਭਰ ਵਿੱਚ ਭਾਰੀ ਮੀਂਹ ਪਿਆ। ਭਾਵੇਂ ਥੋੜ੍ਹੇ ਸਮੇਂ ਲਈ ਮੀਂਹ ਪਿਆ ਪਰ ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਮੌਸਮ ਬੁਲੇਟਿਨ ਵਿੱਚ, IMD ਨੇ ਬੁੱਧਵਾਰ ਨੂੰ ਕਿਹਾ ਕਿ 16 ਤੋਂ 18 ਜੂਨ ਦੇ ਦੌਰਾਨ ਜੰਮੂ, ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ (ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ) ਵਿੱਚ ਗਰਜ਼-ਤੂਫ਼ਾਨ ਦੇ ਨਾਲ ਬਾਰਿਸ਼ ਹੋਣ ਦੀ ਬਹੁਤ ਸੰਭਾਵਨਾ ਹੈ। ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦੇ ਵੱਧਦੇ ਕੇਸ ਬਣੇ ਚਿੰਤਾ ਦਾ ਵਿਸ਼ਾ, 12,000 ਤੋਂ ਵੱਧ ਨਵੇਂ ਕੇਸ ਆਏ ਸਾਹਮਣੇ