ਪਟਿਆਲਾ : ਪੰਜਾਬ ਵਿੱਚ ਸੋਮਵਾਰ ਤੜਕਸਾਰ ਪਏ ਮੀਂਹ ਕਾਰਨ ਬਿਜਲੀ ਸਪਲਾਈ ਨੂੰ ਲੈ ਕੇ ਪਾਰਵਕਾਮ ਨੂੰ ਵੱਡੀ ਰਾਹਤ ਮਿਲੀ ਹੈ। ਸੋਮਵਾਰ ਤੜਕੇ ਪਏ ਮੀਂਹ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ ਤੇ ਲੋਕਾਂ ਨੇ ਏਸੀ ਵਗੈਰਾ ਬੰਦ ਕਰ ਦਿੱਤੇ ਹਨ, ਜਿਸ ਕਾਰਨ ਬਿਜਲੀ ਦੀ ਮੰਗ ਵੀ ਘੱਟ ਹੋਵੇਗੀ। ਸੋਮਵਾਰ ਸਵੇਰੇ ਬਿਜਲੀ ਦੀ ਮੰਗ ਵਿੱਚ 6 ਹਜ਼ਾਰ ਮੈਗਾਵਾਟ ਦੀ ਕਮੀ ਦਰਜ ਕੀਤੀ ਗਈ ਹੈ। ਬਿਜਲੀ ਦੀ ਕਮੀ ਦੇ ਚਲਦਿਆਂ ਰੋਪੜ ਥਰਮਲ ਪਲਾਂਟ ਦੇ 3 ਯੂਨਿਟ ਬੰਦ ਕਰ ਦਿੱਤੇ ਗਏ ਹਨ। ਜਦ ਕਿ ਇੱਕ ਯੂਨਿਟ ਬੀਤੀ ਰਾਤ ਓਵਰ ਹੀਟ ਕਰ ਕੇ ਬੰਦ ਕਰ ਦਿੱਤਾ ਗਿਆ ਸੀ। ਲਹਿਰਾ ਮੁਹੱਬਤ ਦਾ ਚੱਲ ਰਿਹਾ ਇੱਕ ਯੂਨਿਟ ਵੀ ਬਿਜਲੀ ਦੀ ਕਮੀ ਕਰਕੇ ਬੰਦ ਕਰ ਦਿੱਤਾ ਗਿਆ। ਸਰਕਾਰੀ ਖੇਤਰ ਦੇ ਦੋਨੋਂ ਥਰਮਲ ਪਲਾਂਟਾਂ ਦੇ 8 ਯੂਨਿਟਾਂ ਸਮੇਤ ਗੋਇੰਦਵਾਲ ਸਾਹਿਬ ਦੇ ਇੱਕ ਯੂਨਿਟ ਸਣੇ ਕੁੱਲ 9 ਯੂਨਿਟ ਬੰਦ ਹਨ। ਤਲਵੰਡੀ ਸਾਬੋ ਦੇ 3, ਰਾਜਪੁਰਾ ਦੇ ਇੱਕ ਅਤੇ ਗੋਇੰਦਵਾਲ ਸਾਹਿਬ ਦਾ ਇੱਕ ਯੂਨਿਟ ਵੀ ਅੱਧੀ ਸਮਰੱਥਾ ਉਤੇ ਚੱਲ ਰਹੇ ਹਨ। ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਕਾਫੀ ਵੱਧ ਚੁੱਕੀ ਸੀ। ਇਸ ਕਾਰਨ ਥਰਮਲ ਪਲਾਂਟਾਂ ਉਤੇ ਭਾਰੀ ਦਬਾਅ ਸੀ। ਇਸ ਦਬਾਅ ਕਾਰਨ ਕਈ ਥਰਮਲ ਪਲਾਂਟਾਂ ਦੇ ਕਈ ਯੂਨਿਟ ਬੰਦ ਹੋ ਚੁੱਕੇ ਸਨ। ਪਾਵਰਕਾਮ ਵੱਲੋਂ ਅਣਐਲਾਨੇ ਕੱਟੇ ਲਗਾਏ ਜਾ ਰਹੇ ਸਨ ਜਿਸ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਦਾ ਬੁਰਾ ਹਾਲ ਸੀ। ਪਾਵਰਕਾਮ ਵੱਲੋਂ ਲੋਕਾਂ ਨੂੰ ਬਿਜਲੀ ਦੀ ਵਰਤੋਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਸਨ। ਲੋਕਾਂ ਨੂੰ ਫਾਲਤੂ ਬਿਜਲੀ ਨਾ ਵਰਤਣ ਦੀ ਅਪੀਲ ਕੀਤੀ ਜਾ ਰਹੀ ਸੀ। ਪਿਛਲੇ ਮਹੀਨੇ ਪਿੰਡਾਂ ਵਿੱਚ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਘੱਟ ਬਿਜਲੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਸੀ। ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ, ਅੱਤ ਦੀ ਗਰਮੀ ਤੋਂ ਮਿਲੀ ਰਾਹਤ