ਪਟਿਆਲਾ : ਜੂਨ ਮਹੀਨੇ ਦੇ ਆਖਰੀ ਦਿਨਾਂ ਵਿੱਚ ਗਰਮੀ ਨੇ ਮੁੜ ਤੋਂ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਵਰਕਾਮ ਦੀਆਂ ਮੁਸੀਬਤਾਂ ਵੀ ਵੱਧਣ ਸ਼ੁਰੂ ਹੋ ਗਈਆਂ ਹਨ। ਪਾਵਰਕਾਮ ਵੱਲੋਂ 2 ਤੋਂ 6 ਘੰਟੇ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਖੇਤੀਬਾੜੀ ਖੇਤਰ ਨੂੰ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੋਂ ਟੱਪ ਗਈ। ਇਸੇ ਦੌਰਾਨ ਖਪਤਕਾਰਾਂ ਨੂੰ 2 ਤੋਂ 6 ਘੰਟੇ ਤੱਕ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਹੈ। ਖੇਤੀਬਾੜੀ ਖੇਤਰ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਪੰਜਾਬ ਵਿੱਚ ਕਈ ਥਾਵਾਂ ਉਤੇ ਖੇਤੀਬਾੜੀ ਖੇਤਰ ਨੂੰ ਦੋ-ਦੋ ਘੰਟੇ ਦੇ ਬਿਜਲੀ ਕੱਟ ਲਾਉਣੇ ਪਏ ਹਨ। ਪਟਿਆਲਾ ਜ਼ਿਲ੍ਹੇ ਵਿੱਚ ਫੱਗਣ ਮਾਜਰਾ ਗਰਿੱਡ ਉਤੇ ਓਵਰਲੋਡਿੰਗ ਹੋਣ ਕਰਕੇ ਜ਼ਮੀਤਗੜ੍ਹ, ਸਮਸ਼ਪੁਰ, ਰੁੜਕੀ, ਚਮਾਰੂ, ਸੋਗਲਪੁਰ ਆਦਿ ਫੀਡਰਾਂ ਨੂੰ ਇਕ ਤੋਂ ਵੱਧ ਘੰਟੇ ਤੱਕ ਕੱਟ ਲਾਉਣੇ ਪਏ ਹਨ। ਸ਼ਾਮ ਪੰਜ ਵਜੇ ਤੱਕ ਦੋ ਘੰਟੇ ਲਈ 22 ਫੀਡਰ, ਚਾਰ ਘੰਟੇ ਲਈ 10 ਫੀਡਰ, ਅਤੇ 6 ਘੰਟੇ ਲਈ 36 ਫੀਡਰ ਬੰਦ ਰਹੇ ਹਨ। ਪੀਐੱਸਪੀਸੀਐੱਲ ਕੋਲ ਬਿਜਲੀ ਬੰਦ ਸਬੰਧੀ ਕਰੀਬ 72 ਹਜ਼ਾਰ ਸ਼ਿਕਾਇਤਾਂ ਪੁੱਜੀਆਂ ਹਨ। ਸੋਮਵਾਰ ਨੂੰ 26.35 ਕਰੋੜ ਦੀ ਬਿਜਲੀ ਬਾਹਰੋਂ ਖ਼ਰੀਦੀ ਗਈ। ਸਰਕਾਰੀ ਥਰਮਲ ਦਾ ਇਕ ਤੇ ਨਿੱਜੀ ਥਰਮਲਾਂ ਦੇ ਦੋ ਯੂਨਿਟ ਬੰਦ ਹੋਣ ਕਰ ਕੇ 1140 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ ਹੈ। ਬਿਜਲੀ ਮੰਗ ਪੂਰਾ ਕਰਨ ਲਈ ਪੀਐੱਸਪੀਸੀਐੱਲ ਨੇ 6.64 ਰੁਪਏ ਪ੍ਰਤੀ ਯੂਨਿਟ ਔਸਤਨ ਮੁੱਲ ਉਤੇ 26.35 ਕਰੋੜ ਦੀ ਲਾਗਤ ਨਾਲ 39.69 ਮਿਲੀਅਨ ਯੂਨਿਟ ਬਿਜਲੀ ਖ਼ਰੀਦੀ ਹੈ। ਸੋਮਵਾਰ ਨੂੰ ਤਲਵੰਡੀ ਸਾਬੋ ਦਾ ਇਕ ਨੰਬਰ ਯੂਨਿਟ ਤਕਨੀਕੀ ਖਰਾਬੀ ਕਰਕੇ ਬੰਦ ਹੋ ਗਿਆ। ਜੀਵੀਕੇ ਪਲਾਂਟ ਦਾ ਦੋ ਨੰਬਰ ਯੂਨਿਟ ਕੋਲੇ ਦੀ ਘਾਟ ਕਰ ਕੇ ਤੇ ਲਹਿਰਾ ਮੁਹੱਬਤ ਦਾ ਦੋ ਨੰਬਰ ਯੂਨਿਟ ਪਹਿਲਾਂ ਤੋਂ ਹੀ ਬੰਦ ਹੈ। ਪੀਐੱਸਪੀਸੀਐੱਲ ਨੇ ਆਪਣੇ ਤੇ ਨਿੱਜੀ ਥਰਮਲਾਂ ਅਤੇ ਹਾਈਡਲਾਂ ਤੋਂ 5200 ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਕੀਤੀ ਹੈ। ਇਹ ਵੀ ਪੜ੍ਹੋ : ਜੈਕਲਿਨ ਫਰਨਾਂਡੀਜ਼ ਬਿਆਨ ਦਰਜ ਕਰਵਾਉਣ ਈਡੀ ਦਫ਼ਤਰ ਪੁੱਜੀ