ਸੁਖਬੀਰ ਸਿੰਘ ਬਾਦਲ ਵੱਲੋਂ 1559 ਅਨਾਜ ਮੰਡੀਆਂ ਨੂੰ 'ਆਪ' ਸਰਕਾਰ ਵੱਲੋਂ ਬੰਦ ਕਰਨ ਦੀ ਨਿਖੇਧੀ

By  Jasmeet Singh November 15th 2023 05:49 PM -- Updated: November 16th 2023 11:30 AM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਵਿਚ ਮੰਡੀਆਂ ਵਿਚ ਝੋਨੇ ਦੀ ਆਮਦ ਦੇ ਬਾਵਜੂਦ 1559 ਅਨਾਜ ਮੰਡੀਆਂ ਬੰਦ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਸੂਬੇ ਦੀਆਂ ਸਾਰੀਆਂ ਮੰਡੀਆਂ 20 ਨਵੰਬਰ ਤੱਕ ਖੋਲ੍ਹੀਆਂ ਜਾਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਸਰਕਾਰ ਨੇ ਪਹਿਲੇ ਦਿਨ ਤੋਂ ਕਿਸਾਨਾਂ ਨਾਲ ਵਿਤਕਰਾ ਕੀਤਾ ਹੈ ਤੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਤੇ ਹੁਣ ਮੰਡੀਆਂ ਜਬਰੀ ਬੰਦ ਕਰ ਕੇ ਕਿਸਾਨਾਂ ਨੂੰ ਅੱਧ ਵਿਚਾਲੇ ਲਟਕਾ ਦਿੱਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਬੀਤੇ ਕੱਲ੍ਹ ਮੰਡੀਆਂ ਵਿਚ 2.91 ਲੱਖ ਮੀਟਰਿਕ ਟਨ ਝੋਨਾ ਆਇਆ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 18 ਫੀਸਦੀ ਵੱਧ ਸੀ ਪਰ ਆਪ ਸਰਕਾਰ ਨੇ ਖਰੀਦ ਕੇਂਦਰ ਹੀ ਬੰਦ  ਕਰ ਦਿੱਤੇ।ਉਹਨਾਂ ਕਿਹਾ ਕਿ ਵੱਡੀ ਪੱਧਰ ’ਤੇ ਜਿਣਸ ਹਾਲੇ ਮੰਡੀਆਂ ਵਿਚ ਆਉਣੀ ਹੈ ਕਿਉਂਕਿ ਹੜ੍ਹਾਂ ਦੇ ਕਾਰਨ ਝੋਨਾ ਵਾਰ ਵਾਰ ਲਾਉਣਾ ਪਿਆ ਹੈ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਫਸਲਾਂ ਜੁਲਾਈ ਦੇ ਹੜ੍ਹਾਂ ਨਾਲ ਤਬਾਹ ਹੋਈਆਂ ਤੇ ਉਹ ਮੁੜ ਮੁੜ ਝੋਨਾ ਲਾਇਆ, ਉਹ ਹਾਲੇ ਮੰਡੀਆਂ ਵਿਚ ਆਉਣਾ ਬਾਕੀ ਹੈ। ਉਹਨਾਂਕਿਹਾ  ਕਿ ਸਰਕਾਰ ਨੂੰ ਸਾਰੀ ਜਿਣਸ ਦੀ ਖਰੀਦ ਮਗਰੋਂ ਹੀ ਖਰੀਦ ਕੇਂਦਰਾਂ ਨੂੰ ਬੰਦ ਕਰਨਾ ਚਾਹੀਦਾ ਹੈ।

ਇਸ ਦੌਰਾਨ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਸੂਬੇ ਵਿਚ ਦੀਵਾਲੀ ਦੇ ਮੌਕੇ ’ਤੇ 4.7 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਕਿਸਾਨ ਜਾਣਦੇ ਹਨ ਕਿ ਖਰੀਦ ਸਟਾਫ ਤੇ ਆੜ੍ਹਤੀਆਂ ਦੇ ਦੀਵਾਲੀ ਵਾਲੇ ਦਿਨ ਮੰਡੀਆਂ ਵਿਚ ਨਾ ਹੋਣ ਕਾਰਨ ਖਰੀਦ ਰੁਕ ਜਾਂਦੀ ਹੈ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਦੀਵਾਲੀ ਵਾਲੇ ਦਿਨ 4.7 ਲੱਖ ਮੀਟਰਿਕ ਟਨ ਝੋਨਾ ਖਰੀਦਿਆ ਗਿਆ। ਇਸ ਤੋਂ ਸਪਸ਼ਟ ਹੈ ਕਿ ਸੂਬੇ ਦੇ ਬਾਹਰੋਂ ਆਇਆ ਝੋਨਾ ਸੂਬੇ ਦੇ ਖ਼ਾਤੇ ਪਾਉਣ ਵਾਸਤੇ ਤੇ ਮੁਨਾਫੇ ਕਮਾਉਣ ਵਾਸਤੇ ਐਂਟਰੀਆਂ ਘੁਮਾਈਆਂ ਗਈਆਂ। ਉਹਨਾਂ ਕਿਹਾ ਕਿ ਅਜਿਹਾ ਤਾਂ ਹੀ ਹੋ ਸਕਦਾ ਸੀ ਜੇਕਰ ਮਾਮਲੇ ਵਿਚ ਸਿਆਸੀ ਪੁਸ਼ਤਪਨਾਹੀ ਹਾਸਲ ਹੋਵੇ। ਉਹਨਾਂ ਕਿਹਾ ਕਿ ਇਸ ਪੁਸ਼ਤਪਨਾਹੀ ਦੀ ਬਦੌਲਤ ਹੀ ਸੂਬਾ ਵਿਜੀਲੈਂਸ ਮਾਮਲੇ ਦੀ ਸਹੀ ਜਾਂਚ ਨਹੀਂ ਕਰ ਸਕਦੀ ਤੇ ਇਸ ਮਾਮਲੇ ਦੀ ਸੱਚਾਈ ਬਾਹਰ ਲਿਆਉਣ ਵਾਸਤੇ ਮਾਮਲਾ ਸੀ ਬੀ ਆਈ ਹਵਾਲੇ ਕੀਤਾ ਜਾਣਾ ਚਾਹੀਦਾ ਹੈ। 

Related Post