ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ, ਭਲਕੇ ਹੋਵੇਗਾ ਅੰਤਿਮ ਸਸਕਾਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਚੰਡੀਗੜ੍ਹ ਦੇ ਪੀਜੀਆਈ ਵਿੱਚ ਅੰਤਿਮ ਸਾਹ ਲਏ। ਰਣਜੀਤ ਸਿੰਘ ਬ੍ਰਹਮਪੁਰਾ ਪਿਛਲੇ 5 ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਸਨ। ਉਨ੍ਹਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।
ਦੱਸ ਦਈਏ ਕਿ ਭਲਕੇ ਜੱਦੀ ਪਿੰਡ ਬ੍ਰਹਮਪੁਰਾ ਵਿਖੇ ਦੁਪਹਿਰ 2 ਵਜੇ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਵੱਖ-ਵੱਖ ਸਿਆਸੀ ਸਖਸ਼ੀਅਤਾ ਮੌਜੂਦ ਰਹਿਣਗੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁੱਖ ਜਾਹਿਰ ਕਰਦੇ ਹੋਏ ਕਿਹਾ ਕਿ ਅਣਥੱਕ ਪੰਥਕ ਯੋਧੇ ਅਤੇ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਦਾ ਚਲੇ ਜਾਣਾ ਪੰਥ, ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਹੈ। ਇਸ ਝਟਕੇ ਨੇ ਇੱਕ ਖਾਲੀ ਥਾਂ ਪੈਦਾ ਕਰ ਦਿੱਤੀ ਹੈ ਜਿਸ ਨੂੰ ਭਰਨਾ ਔਖਾ ਹੋਵੇਗਾ।
ਉੱਥੇ ਹੀ ਜੇਕਰ ਉਨ੍ਹਾਂ ਦੇ ਸਿਆਸੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਸਿੰਘ ਬ੍ਰਹਮਪੁਰਾ 4 ਵਾਰ ਵਿਧਾਇਕ, 2 ਵਾਰ ਕੈਬਨਿਟ ਮੰਤਰੀ ਅਤੇ ਇੱਕ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਸਨ।
ਇਹ ਵੀ ਪੜੋ: ਚੰਡੀਗੜ੍ਹ: ਹੱਲੋਮਾਜਰਾ ਵਿਖੇ ਸਥਿਤ ਮੋਮਬੱਤੀ ਫੈਕਟਰੀ ਨੂੰ ਲੱਗੀ ਅੱਗ