ਜੈਨ ਦੀ ਲੀਕ ਹੋਈ ਵੀਡੀਓ ਨੇ ਸਾਬਤ ਕੀਤਾ ਉਹ ਜੇਲ੍ਹ 'ਚ ਸਹੂਲਤਾਂ ਦਾ ਆਨੰਦ ਮਾਣ ਰਿਹੈ : ਬਿਕਰਮ ਸਿੰਘ ਮਜੀਠੀਆ

By  Jasmeet Singh November 19th 2022 06:20 PM

ਚੰਡੀਗੜ੍ਹ, 19 ਨਵੰਬਰ: ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ ਤੇ ਨਾਲ ਹੀ ਕਿਹਾ ਕਿ ਜੇਲ੍ਹ ਮੰਤਰੀ ਸਤੇਂਦਰ ਜੈਨ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਇਹ ਖੁਲ੍ਹਾਸਾ ਹੋ ਗਿਆ ਹੈ ਕਿ ਉਹ ਤਿਹਾੜ ਜੇਲ੍ਹ ਵਿਚ ਸਰਕਾਰੀ ਮਹਿਮਾਨ ਬਣੇ ਹੋਏ ਹਨ  ਤੇ ਮਾਲਿਸ਼ ਸਮੇਤ ਵੀ.ਵੀ.ਆਈ.ਪੀ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ।

ਇਹ ਵੀ ਪੜ੍ਹੋ: 'ਆਪ' ਸਰਕਾਰ ਕਿਸਾਨ ਯੂਨੀਅਨਾਂ ਨਾਲ ਲਿਖਤੀ ਮੰਨੀਆਂ ਮੰਗਾਂ ਦੀ ਨੋਟੀਫਿਕੇਸ਼ਨ ਤੋਂ ਨਾ ਭੱਜੇ: ਡਾ. ਦਲਜੀਤ ਸਿੰਘ ਚੀਮਾ

ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਅਸਿੱਧੇ ਤੌਰ ’ਤੇ ਦਿੱਲੀ ਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਪਰਾਧੀਆਂ ਦੇ ਗਠਜੋੜ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਾਇਆ ਤੇ ਕੇਂਦਰ ਸਰਕਾਰ ਦੇ ਨਾਲ ਨਾਲ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਦਾ ਆਪ ਨੋਟਿਸ ਲੈਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਮਨ ਕਾਨੂੰਨ ਵਿਵਸਥਾ ਅਜਿਹੀਆਂ ਕਾਰਵਾਈਆਂ ਨਾਲ ਹੀ ਪ੍ਰਭਾਵਤ ਹੁੰਦੀ ਹੈ ਤੇ  ਇਨ੍ਹਾਂ ਵਿਚ ਸਰਹੱਦੀ ਸੂਬੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਸਮਰਥਾ ਹੈ। ਉਹਨਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਦਾ ਅਰਥਚਾਰਾ ਤੇ ਫਿਰਕੂ ਸਦਭਾਵਨਾ ਵੀ ਪ੍ਰਭਾਵਤ ਹੋ ਰਹੀ ਹੈ।

ਦਿੱਲੀ ਦੀ ਜੇਲ੍ਹ ਵਿਚ ਜੇਲ੍ਹ ਮੰਤਰੀ ਵੱਲੋਂ ਮਾਲਿਸ਼ ਕਰਵਾਉਣ ਦੀ ਸਾਹਮਣੇ ਆਏ ਵੀਡੀਓ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਜੇਲ੍ਹ ਨਿਯਮਾਂ ਦੀ ਵੀ ਉਲੰਘਣਾ ਹੈ। ਉਹਨਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਇਸ ਕਾਰਵਾਈ ਨੂੰ ਜਾਇਜ਼ ਠਹਿਰਾਉਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸਨੂੰ ਸ਼ਰਮਨਾਕ ਕਰਾਰ ਦਿੱਤਾ ਅਤੇ ਕਿਹਾ ਕਿ ਇਕ ਵਿਅਕਤੀ ਜੋ 'ਆਪ' ਆਬਕਾਰੀ ਟੈਂਡਰਾਂ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਉਹ ਇਸ ਤਰੀਕੇ ਸਰਟੀਫਿਕੇਟ ਨਹੀਂ ਵੰਡ ਸਕਦਾ।

ਮਜੀਠੀਆ ਨੇ ਕਿਹਾ ਕਿ ਇਹਨਾਂ ਵੀਡੀਓ ਤੋਂ ਸਪਸ਼ਟ ਹੈ ਕਿ ਲਾਰੰਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਵਰਗੇ ਖਤਰਨਾਕ ਅਪਰਾਧੀ ਕਿਉਂ ਤਿਹਾੜ ਜੇਲ੍ਹ ਵਿਚ ਸ਼ਰਣ ਲੈਣ ਨੂੰ ਤਰਜੀਹ ਦਿੰਦੇ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਸੁਕੇਸ਼ ਚੰਦਰਸ਼ੇਖਰ ਵਰਗੇ ਦਲਾਲੀ ਜੋ ਇਹਨਾਂ ਦੀ ਪੁਸ਼ਤ ਪਨਾਹੀ ਹਾਸਲ ਕਰ ਰਹੇ ਹਨ ਤੇ ਇਸੇ ਕਾਰਨ ਹੀ ਸਿੱਧੂ ਮੂਸੇਵਾਲ ਦਾ ਕਤਲ ਕਰਨ ਦੀ ਸਾਜ਼ਿਸ਼ ਤਿਹਾੜ ਜੇਲ੍ਹ ਵਿਚ ਰਚੀ ਗਈ।

ਉਹਨਾਂ ਨੇ ਪੰਜਾਬ ਦੇ ਜੇਲ੍ਹ ਮੰਤਰੀ ਹਜੋਤ ਬੈਂਸ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਉਹਨਾਂ ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ ਕਿਉਂਕਿ ਤਿਹਾੜ ਜੇਲ੍ਹ ਦਾ ਇਹੀ ’ਬਦਲਾਅ’ ਹੁਣ 'ਆਪ' ਦੇ ਰਾਜ ਵਿਚ ਪੰਜਾਬ ਵਿਚ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਕਿ ਕਿਵੇਂ ਗੈਂਗਸਟਰ ਦੀਪਕ ਟੀਨੂੰ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਭੱਜਣ ਦੀ ਸਾਜ਼ਿਸ਼ ਰਚਣ ਤੋਂ ਬਾਅਦ ਫਰਾਰ ਹੋ ਗਿਆ। ਉਹਨਾਂ ਕਿਹਾ ਕਿ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਵਿਚ ਫੋਨਾਂ ਤੇ ਨਸ਼ਿਆਂ ਦੀ ਬਰਾਮਦਗੀ ਵਿਚ ਚੋਖਾ ਵਾਧਾ ਹੋਇਆ ਹੈ ਅਤੇ ਛੇ ਮਹੀਨਿਆਂ ਵਿਚ 2500 ਤੋਂ ਵੱਧ ਮੋਬਾਈਲ ਫੋਨ ਫੜੇ ਗਏ ਹਨ।

ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਜੇਲ੍ਹ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਦੱਸਣ ਕਿ ਉਹਨਾਂ ਦੀ ਪਟਿਆਲਾ ਜੇਲ੍ਹ ਵਿਚ ਕੈਦ ਸਮੇਂ ਕਿਹੜੀ ਵੀ.ਆਈ.ਪੀ ਸਹੂਲਤ ਪ੍ਰਦਾਨ ਕੀਤੀ ਗਈ ਸੀ ਅਤੇ ਉਹਨਾਂ ਨਾਲ ਹੀ ਦੱਸਿਆ ਕਿ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ 8 ਵਾਰ ਵੱਖ ਵੱਖ ਤਰੀਕੇ ਦਾ ਖਾਣਾ ਪ੍ਰਦਾਨ ਕੀਤਾ ਜਾ ਰਿਹਾ ਹੈ।

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਹਰਿਆਣਾ ਨੂੰ ਵੱਖਰੀ ਥਾਂ ਪ੍ਰਦਾਨ ਕਰਨ ਦੀ ਕੀਤੀ ਅਪੀਲ ਬਾਰੇ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਦੀ ਸੰਜੀਦਗੀ ਨੂੰ ਸਮਝਣ ਤੇ ਹਰਿਆਣਾ ਦੀ ਅਜਿਹੀ ਕਿਸੇ ਵੀ ਅਪੀਲ ਨੂੰ ਠੁਕਰਾ ਦੇਣ। ਉਹਨਾਂ ਕਿਹਾ ਕਿ ਪੰਜਾਬ ਦਾ ਚੰਡੀਗੜ੍ਹ ’ਤੇ ਅਨਿੱਖੜਵਾਂ ਅੰਗ ਹੈ ਤੇ ਇਸਦੀ ਪੁਸ਼ਟੀ ਕੇਂਦਰ ਦੀਆਂ ਸਰਕਾਰਾਂ ਤੇ ਸੰਸਦ ਨੇ ਵਾਰ ਵਾਰ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਹੀ ਰਾਜਧਾਨੀ ਸ਼ਹਿਰ ਵਾਸਤੇ ਜ਼ਮੀਨ ਦਿੱਤੀ ਸੀ ਤੇ ਇਸਨੂੰ ਭਰੋਸਾ ਦੁਆਇਆ ਗਿਆ ਸੀ ਕਿ ਹਰਿਆਣਾ ਵੱਲੋਂ ਵੱਖਰੀ ਰਾਜਧਾਨੀ ਬਣਾਉਣ ਮਗਰੋਂ 10 ਸਾਲਾਂ ਵਿਚ ਇਸਨੂੰ ਚੰਡੀਗੜ੍ਹ ਦੇ ਦਿੱਤੀ ਜਾਵੇਗਾ।

ਮਜੀਠੀਆ ਨੇ ਹਰਿਆਣਾ ਦੇ ਸਪੀਕਰ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਬੇਨਤੀ ’ਤੇ ਮੁੜ ਵਿਚਾਰ ਕਰਨ ਕਿਉਂਕਿ ਚੰਡੀਗੜ੍ਹ ਵਿਚ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਦੀ ਮੰਗ ਨਾਲ ਭਾਵਨਾਵਾਂ ਭੜਕਣਗੀਆਂ ਅਤੇ ਮਾਹੌਲ ਖਰਾਬ ਹੋਵੇਗਾ। ਉਹਨਾਂ ਕਿਹਾ ਕਿ  ਜਿਥੇ ਤੱਕ ਅਕਾਲੀ ਦਲਦਸ  ਸਵਾਲ ਹੈ ਤਾਂ ਇਹ ਕਦੇ ਵੀ ਹਰਿਆਣਾ ਨੂੰ ਵੱਖਰੀ ਥਾਂ ਅਲਾਟ ਨਹੀਂ ਕਰਨ ਦੇਵੇਗਾ। ਉਹਨਾ ਕਿਹਾ ਕਿ ਇਸ ਵਾਸਤੇ ਲੋੜ ਮੁਤਾਬਕ ਅਸੀਂ ਨਿਰੰਤਰ ਸੰਘਰਸ਼ ਵੀ ਸ਼ੁਰੂ ਕਰਾਂਗੇ।

ਇਹ ਵੀ ਪੜ੍ਹੋ: “ਕੱਟੜ ਇਮਾਨਦਾਰ” ਪਾਰਟੀ 'ਚ ਹਰ ਰੋਜ਼ ਭ੍ਰਿਸ਼ਟਾਚਾਰ ਦਾ ਹੋ ਰਿਹਾ ਪਰਦਾਫਾਸ਼ - ਬਾਜਵਾ

ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ’ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਅਸਫਲ ਰਹਿਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਉਸੇ ਤਰੀਕੇ ਨਾਕਾਮ ਹੋਏ ਹਨ ਜਿਵੇਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿਚ ਉਹਨਾਂ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਆਨ ਦੀ ਤਾਈਦ ਕੀਤੀ ਸੀ ਕਿ ਹਰਿਆਣਾ ਨੂੰ ਵੀ ਐਸ.ਵਾਈ.ਐਲ ਦਾ ਪਾਣੀ ਮਿਲਣਾ ਚਾਹੀਦਾ ਹੈ।

Related Post