ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੱਧਦੇ ਅਪਰਾਧਾਂ ਉਤੇ ਨਕੇਲ ਕੱਸਣ ਲਈ ਪੁਲਿਸ ਹਰ ਚਾਰਾਜ਼ੋਈ ਕਰ ਰਹੀ ਹੈ। ਲੁੱਟ-ਖੋਹ, ਕਤਲ ਤੇ ਝਪਟਮਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਤੋਂ ਇਲਾਵਾ ਪਟਿਆਲਾ ਵਿੱਚ ਦੋ ਧਿਰਾਂ ਵਿਚਾਲੇ ਟਕਰਾਅ ਵੀ ਹੋਇਆ ਸੀ। ਇਸ ਸਭ ਦੇ ਮੱਦੇਨਜ਼ਰ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਅੱਜ ਪੁਲਿਸ ਨੇ ਪੰਜਾਬੀ ਯੂਨੀਵਰਸਿਟੀ ਦੇ ਨਜ਼ਦੀਕ ਬਣੇ ਪੀਜੀ ਹਾਊਸ ਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਮੌਕੇ ਉਤੇ ਪੁਲਿਸ ਅਧਿਕਾਰੀ ਡੀਐਸਪੀ ਸਿਟੀ ਟੂ ਮੋਹਿਤ ਅਗਰਵਾਲ ਨੇ ਦੱਸਿਆ ਕਿ ਪੁਲਿਸ ਨੇ ਪੀਜੀ ਹਾਊਸ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਕਿਉਂਕਿ ਗਲਤ ਸਮਾਜਿਕ ਅਨਸਰ ਕਈ ਵਾਰ ਪੀਜੀ ਹਾਊਸ ਦਾ ਸਹਾਰਾ ਲੈ ਲੈਂਦੇ ਹਨ। ਇਸ ਉਤੇ ਪੁਲਿਸ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਅਗਰਵਾਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਅਸੀਂ ਛਾਪੇਮਾਰੀ ਕੀਤੀ ਸੀ। ਅੱਜ ਵੀ ਪੁਲਿਸ ਬਲ ਨੇ 40 ਦੇ ਕਰੀਬ ਪੀਜੀ ਹਾਊਸਾਂ ਦੀ ਚੈਕਿੰਗ ਕੀਤੀ ਹੈ। ਪੀਜੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੇ ਦਸਤਾਵੇਜ਼ ਚੈਕ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਜਿਹੜੇ ਸ਼ੱਕੀ ਲੱਗੇ ਹਨ ਉਨ੍ਹਾਂ ਨੂੰ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਬੁਲਟ ਮੋਟਰਸਾਈਕਲਾਂ ਉਤੇ ਵੀ ਕਾਰਵਾਈ ਕੀਤੀ ਗਈ ਹੈ। ਡੀਐਸਪੀ ਅਗਰਵਾਲ ਨੇ ਦੱਸਿਆ ਕਿ ਅਸੀਂ ਪੀਜੀ ਹਾਊਸ ਦੇ ਮਾਲਕਾਂ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਜਿਸ ਨੂੰ ਵੀ ਕਿਰਾਏ ਉਤੇ ਰੱਖੋ ਉਨ੍ਹਾਂ ਦੀ ਜਾਣਕਾਰੀ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ। ਬਿਨਾਂ ਪੁਲਿਸ ਤਸਦੀਕ ਦੇ ਜੇ ਪੀਜੀ ਮਾਲਕ ਇਹ ਕੰਮ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂਂ ਨੇ ਕਿਹਾ ਕਿ ਪੀਜੀ ਹਾਊਸ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਤੇ ਦਸਤਾਵੇਜ਼ ਚੈਕਿੰਗ ਤੋਂ ਇਲਾਵਾ ਪੁੱਛਗਿੱਛ ਵੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਗਲਤ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਹ ਵੀ ਪੜ੍ਹੋ : ਪਤਨੀ ਦੇ ਚਰਿੱਤਰ 'ਤੇ ਸ਼ੱਕ ਕਾਰਨ ਵਿਅਕਤੀ ਦੀ ਕੀਤੀ ਹੱਤਿਆ