ਲੁਧਿਆਣਾ : ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਬਾਹਦੁਰ ਨਾਲ ਕੀਤੇ ਗਏ ਮਾੜੇ ਸਲੂਕ ਦੀ ਚਹੁੰ ਪਾਸਿਓਂ ਨਿਖੇਧੀ ਹੋ ਰਹੀ ਹੈ। ਪੀਸੀਐਮਐਸਏ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਵਾਈਸ ਚਾਂਸਲਰ ਨਾਲ ਕੀਤੇ ਗਏ ਮਾੜੇ ਰਵੱਈਏ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਾਰਨ ਜੋ ਵੀ ਹੋਵੇ, ਜਿਸ ਤਰ੍ਹਾਂ ਵੀਸੀ ਨਾਲ ਬਦਸਲੂਕੀ ਕੀਤੀ ਗਈ ਉਹ ਨਿੰਦਣਯੋਗ ਹੈ। ਡਾ.ਕੰਵਲਜੀਤ ਬਾਜਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਪੀ.ਸੀ.ਐੱਮ.ਐੱਸ.ਏ. ਨੇ ਕਿਹਾ ਅਸੀਂ ਮੰਦਭਾਗੀ ਘਟਨਾ ਉਤੇ ਡੂੰਘੀ ਨਾਰਾਜ਼ਗੀ ਪ੍ਰਗਟ ਕਰਦੇ ਹਾਂ। ਸਿਸਟਮਿਕ ਮੁੱਦਿਆਂ 'ਤੇ ਇਕ ਸੀਨੀਅਰ ਡਾਕਟਰ ਨੂੰ ਜਨਤਕ ਤੌਰ ਉਤੇ ਸ਼ਰਮਸਾਰ ਕਰਨਾ ਸਖ਼ਤ ਨਿੰਦਣਯੋਗ ਹੈ। ਮਾਮੂਲੀ ਫੰਡਾਂ ਦੀ ਵੰਡ, ਦਵਾਈਆਂ ਦੀ ਘਾਟ, ਸਟਾਫ ਦੀ ਭਾਰੀ ਕਮੀ ਤੇ ਨਾਕਾਫ਼ੀ ਬੁਨਿਆਦੀ ਢਾਂਚੇ ਦੇ ਮੁੱਦਿਆਂ ਨੂੰ ਵਿਵਹਾਰਕ ਤੌਰ 'ਤੇ ਹੱਲ ਕਰਨ ਦੀ ਬਜਾਏ, ਸਰਕਾਰ ਅਚਨਚੇਤ ਚੈਕਿੰਗਾਂ ਦੀ ਆੜ ਵਿੱਚ ਜਨਤਕ ਸਿਹਤ ਅਧਿਕਾਰੀਆਂ ਨੂੰ ਜਨਤਕ ਤੌਰ ਉਤੇ ਬਦਨਾਮ ਕਰ ਕੇ ਆਪਣੀਆਂ ਕਮੀਆਂ ਨੂੰ ਲੁਕਾਉਣ ਵਿੱਚ ਰੁੱਝੀ ਹੋਈ ਹੈ। ਸਰਕਾਰ ਦਾ ਭੱਜਣ ਵਾਲਾ ਰਵੱਈਆ ਸੱਚਮੁੱਚ ਗ਼ੈਰ-ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੇ ਕੱਦ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਸੀ। ਇਸ ਨੂੰ ਲੈ ਕੇ ਸਿਹਤ ਮੰਤਰੀ ਦੀ ਚਹੁੰ ਪਾਸਿਓਂ ਨਿੰਦਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦਾ ਦੌਰਾ ਕਰਨ ਆਏ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਿਰੀਖਣ ਦੌਰਾਨ ਇਕ ਵਾਰਡ 'ਚ ਬੈੱਡ 'ਤੇ ਪਏ ਇਕ ਫਟੇ ਹੋਏ ਪੁਰਾਣੇ ਗੱਦੇ ਨੂੰ ਦੇਖ ਕੇ ਭੜਕ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਬਹਾਦਰ ਨੂੰ ਇਸ ਗੱਦੇ 'ਤੇ ਲੇਟਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੂੰ ਬਿਨਾਂ ਮਰਜ਼ੀ ਨਾਲ ਗੱਦੇ 'ਤੇ ਲੇਟਣਾ ਪਿਆ। ਇਹ ਵੀ ਪੜ੍ਹੋ : ਸਿਹਤ ਮੰਤਰੀ ਵੱਲੋਂ ਕੀਤੇ ਗਏ ਮਾੜੇ ਸਲੂਕ ਕਾਰਨ ਬਾਬਾ ਫਰੀਦ ਮੈਡੀਕਲ 'ਵਰਸਿਟੀ ਦੇ ਵੀਸੀ ਡਾ. ਰਾਜ ਬਹਾਦੁਰ ਨੇ ਦਿੱਤਾ ਅਸਤੀਫ਼ਾ