ਚੰਡੀਗੜ੍ਹ : ਪੰਜਾਬ ਵਿੱਚ ਪਟਵਾਰੀਆਂ ਅਤੇ ਕਾਨੂੰਗੋਆਂ ਦੀ ਹੜਤਾਲ ਜਾਰੀ ਹੈ। ਪੰਜਾਬ ਰੈਵੀਨਿਊ ਆਫਿਸਰਜ਼ ਐਸੋਸੀਏਸ਼ਨ ਵੀ ਪਟਵਾਰੀਆਂ ਦੀ ਹੜਤਾਲ ਦੀ ਹਮਾਇਤ ਵਿੱਚ ਨਿੱਤਰ ਆਈ ਹੈ। ਅੱਜ ਤੋਂ ਸਾਰੇ ਜ਼ਿਲ੍ਹਾ ਮਾਲ ਅਫ਼ਸਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਤਿੰਨ ਦਿਨਾਂ ਦੀ ਹੜਤਾਲ ਉਤੇ ਚਲੇ ਗਏ ਹਨ। ਪਟਵਾਰੀਆਂ ਤੇ ਕਾਨੂੰਗੋਆਂ ਦੀ ਹੜਤਾਲ ਕਾਰਨ ਸੂਬੇ ਵਿੱਚ ਮਾਲ ਮਹਿਕਮੇ ਨਾਲ ਜੁੜੇ ਕੰਮ ਪੂਰੀ ਤਰ੍ਹਾਂ ਨਾਲ ਠੱਪ। ਸਮੂਹ ਮਾਲ ਅਫ਼ਸਰਾਂ , ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵੱਲੋਂ ਗਿਆਰਾਂ ਮਈ ਤੱਕ ਸਮੂਹਿਕ ਛੁੱਟੀ ਉਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੀ ਰੈਵੇਨਿਊ ਪਟਵਾਰ ਯੂਨੀਅਨ ਤੇ ਰੈਵੇਨਿਊ ਕਾਨੂੰਗੋ ਐਸੋਸੀਏਸ਼ਨ ਦੇ ਸੱਦੇ ਉੱਤੇ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਹੜਤਾਲ ਕੀਤੀ ਗਈ ਸੀ। ਇਹ ਹੜਤਾਲ ਵਿਜੀਲੈਂਸ ਬਿਊਰੋ ਵੱਲੋਂ ਮਾਲੇਰਕੋਟਲਾ ਦੇ ਪਟਵਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਦਰਜ ਕੀਤੇ ਕੇਸ ਦੇ ਰੋਸ ਵਜੋਂ ਕੀਤੀ ਸੀ। ਉਨ੍ਹਾਂ ਵੱਲੋਂ 15 ਮਈ ਤਕ ਛੁੱਟੀ ਉਤੇ ਰਹਿਣ ਦਾ ਐਲਾਨ ਕੀਤਾ ਗਿਆ ਸੀ। ਰੋਸ ਵਜੋਂ ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਗੋ 4 ਤੋਂ ਲੈ ਕੇ 6 ਮਈ ਤੱਕ ਅਤੇ ਫਿਰ 9 ਤੋਂ 15 ਮਈ ਤੱਕ ਹੜਤਾਲ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਪਟਵਾਰੀਆਂ ਤੇ ਕਾਨੂੰਗੋਆਂ ਦੀ ਹੜਤਾਲ ਕਾਰਨ ਲੋਕਾਂ ਦੇ ਕੰਮ ਕਾਫੀ ਪ੍ਰਭਾਵਿਤ ਹੋ ਰਹੇ ਹਨ। ਲੋਕ ਆਪਣੇ ਕੰਮ ਕਰਵਾਉਣ ਲਈ ਤਹਿਸੀਲ ਕੰਪਲੈਕਸਾਂ ਵਿੱਚ ਪੁੱਜ ਰਹੇ ਹਨ ਅਤੇ ਉਨ੍ਹਾਂ ਖਾਲੀ ਹੱਥ ਵਾਪਸ ਜਾਣਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਕਾਬਿਲੇਗੌਰ ਹੈ ਕਿ ਵਿਜੀਲੈਂਸ ਵੱਲੋਂ ਪਟਵਾਰੀ ਖ਼ਿਲਾਫ਼ ਜਾਂਚ ਜਾਰੀ ਹੈ ਅਤੇ ਵਿਜੀਲੈਂਸ ਦਾ ਦਾਅਵਾ ਹੈ ਕਿ ਪਟਵਾਰੀ ਦੇ ਘਰੋਂ 33 ਰਜਿਸਟਰੀਆਂ ਬਰਾਮਦ ਕੀਤੀਆਂ ਹਨ। ਜਿਨ੍ਹਾਂ ਉਤੋਂ ਕਰੋੜਾਂ ਰੁਪਏ ਦਾ ਲੈਣ ਦੇਣ ਹੋ ਚੁੱਕਾ ਹੈ। ਇਸ ਤੋਂ ਇਲਾਵਾ ਵਿਜੀਲੈਂਸ ਵੱਲੋਂ ਜਾਂਚ ਜਾਰੀ ਹੈ। ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਵੱਡਾ ਐਲਾਨ, ਡਿਊਟੀ ਦੌਰਾਨ ਕੋਰੋਨਾ ਨਾਲ ਜਾਨ ਗੁਆਉਣ ਵਾਲੇ PRTC ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਦੀ ਸਹਾਇਤਾ