ਪਟਿਆਲਾ ਜਨਰਲ ਹਾਊਸ ਦੀ ਮੀਟਿੰਗ 'ਚ ਲੱਗੇਗੀ ਵਿਕਾਸ ਕਾਰਜਾਂ 'ਤੇ ਮੋਹਰ
ਪਟਿਆਲਾ : ਪਟਿਆਲਾ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਨੂੰ ਲੈ ਕੇ 3 ਧੜਿਆਂ ਵਿੱਚ ਵੰਡੇ ਕੌਂਸਲਰਾਂ ਦੇ ਵਿਵਾਦ ਦੇ ਕਰੀਬ 4 ਮਹੀਨੇ ਮਗਰੋਂ ਨਗਰ ਨਿਗਮ ਨੇ ਜਨਰਲ ਹਾਊਸ ਦੀ ਅੱਜ ਮੀਟਿੰਗ ਸੱਦ ਲਈ ਹੈ। ਲੰਬੇ ਸਮੇਂ ਬਾਅਦ ਹੋਣ ਜਾ ਰਹੀ ਇਸ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਨਾਲ ਸਬੰਧਤ 90 ਤਜਵੀਜ਼ਾਂ ਪਾਸ ਹੋਣ ਦੀ ਸੰਭਾਵਨਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਨਗਰ ਨਿਗਮ ਪਟਿਆਲਾ ਦਿਹਾਤੀ ਦੇ ਵਾਰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਜਾ ਰਿਹਾ ਹੈ। ਪਹਿਲਾਂ ਇਹ ਕੰਮ ਇੰਪਰੂਵਮੈਂਟ ਟਰੱਸਟ ਵੱਲੋਂ ਕੀਤਾ ਜਾ ਰਿਹਾ ਸੀ ਪਰ ਪਿਛਲੇ ਜਨਰਲ ਹਾਊਸ ਵਿੱਚ ਨਿਗਮ ਨੇ ਪਿਛਲੀ ਸਰਕਾਰ ਦੇ ਇਸ ਫ਼ੈਸਲੇ ਨੂੰ ਰੱਦ ਕਰਕੇ ਟਰੱਸਟ ਦੀ ਥਾਂ ਉਤੇ ਹੀ ਕੰਮ ਕਰਵਾਉਣ ਦੀ ਤਜਵੀਜ਼ ਪਾਸ ਕਰਕੇ ਸਰਕਾਰ ਨੂੰ ਭੇਜ ਦਿੱਤੀ ਸੀ। ਸਰਕਾਰ ਦੀ ਮਨਜ਼ੂਰੀ ਮਿਲਣ ਮਗਰੋਂ ਹੁਣ ਨਿਗਮ ਨੇ ਖ਼ੁਦ ਹੀ ਪਟਿਆਲਾ ਦਿਹਾਤੀ ਦੇ ਵਾਰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਐਸਟੀਮੇਟ ਟੈਂਡਰ ਲਗਾ ਦਿੱਤੇ ਹਨ। ਅੱਜ ਮੁਕੰਮਲ ਕੀਤੇ ਜਾਣ ਵਾਲੇ ਕੰਮਾਂ ਵਿੱਚ ਸ਼ਹਿਰ ਵਿੱਚ 5 ਨਵੇਂ ਜਨਤਕ ਪਖ਼ਾਨਿਆਂ ਦੀ ਉਸਾਰੀ, ਰਾਜਿੰਦਰਾ ਝੀਲ ਦੀ ਸਫ਼ਾਈ, ਠੇਕੇ ਉਪਰ ਦਿੱਤੇ ਜਾਣ ਵਾਲੇ ਕੰਮ ਨੂੰ ਹਾਈਟੈਕ ਤਰੀਕੇ ਨਾਲ ਸ਼ਹਿਰ ਵਿੱਚ ਰੋਡ ਸਵੀਪਿੰਗ ਮਸ਼ੀਨਾਂ ਨਾਲ ਕਰਵਾਉਣਾ, ਚੌਕਾਂ ਵਿੱਚ ਸੀਸੀਟੀਵੀ ਅਤੇ ਸ਼ਹਿਰ ਦੇ ਅਨਾਰਦਾਨਾ ਚੌਕ 'ਚ ਕਾਰ ਪਾਰਕਿੰਗ ਦਾ ਠੇਕਾ ਦੇਣ ਵਰਗੇ ਕੰਮ ਪਾਸ ਕੀਤੇ ਜਾਣਗੇ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਨਗਰ ਨਿਗਮ ਆਪਣੀ ਇਮਾਰਤ ਦੀ ਮੁਰੰਮਤ, ਦਫ਼ਤਰ ਵਿੱਚ ਫਰਨੀਚਰ, ਸਟੇਸ਼ਨਰੀ, ਨਵੀਂਆਂ ਗੱਡੀਆਂ ਖ਼ਰੀਦਣ ਵਰਗੇ ਕੰਮਾਂ ਉਤੇ ਵੀ ਕਰੀਬ 4 ਕਰੋੜ ਰੁਪਏ ਖ਼ਰਚ ਕਰਨ ਜਾ ਰਿਹਾ ਹੈ। ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਕੌਂਸਲਰ ਕ੍ਰਿਸ਼ਨ ਕੁਮਾਰ ਬੁੱਧੂ ਨੇ ਅੱਜ ਦੀ ਮੀਟਿੰਗ ਰੱਦ ਕਰਨ ਲਈ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸ਼ਨਚੰਦ ਬੁੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕਈ ਤਜਵੀਜ਼ਾਂ ਉਤੇ ਇਤਰਾਜ਼ ਹੈ। ਇਸੇ ਤਰ੍ਹਾਂ ਉਸ ਨੂੰ ਹੋਰ ਪ੍ਰਸਤਾਵਾਂ 'ਤੇ ਵੀ ਇਤਰਾਜ਼ ਹੈ। ਰਿਪੋਰਟ-ਗਗਨਦੀਪ ਆਹੂਜਾ ਇਹ ਵੀ ਪੜ੍ਹੋ : ਗੋਆ ਦੀ ਆਜ਼ਾਦੀ ਦੇ ਨਾਇਕ ਕਰਨੈਲ ਸਿੰਘ ਈਸੜੂ ਮਰਨ ਉਪਰੰਤ ਸਨਮਾਨਿਤ