ਮੁੱਖ ਮੰਤਰੀ ਚਿਹਰਾ ਐਲਾਨਣ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ
ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੱਲ੍ਹ ਯਾਨੀ ਐਤਵਾਰ ਨੂੰ ਦੁਪਹਿਰ 2 ਵਜੇ ਕੀਤਾ ਜਾਵੇਗਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲੁਧਿਆਣਾ ਪਹੁੰਚਣਗੇ ਜਿੱਥੇ ਦਾਖਾ ਵਿਧਾਨ ਸਭਾ ਹਲਕੇ ਵਿੱਚ ਰੈਲੀ ਰੱਖੀ ਗਈ ਹੈ। ਚੋਣ ਕਮਿਸ਼ਨ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਇਸ ਰੈਲੀ ਵਿੱਚ ਸਿਰਫ਼ ਇੱਕ ਹਜ਼ਾਰ ਲੋਕਾਂ ਨੂੰ ਹੀ ਜਾਣ ਦਿੱਤਾ ਜਾਵੇਗਾ। ਕਾਂਗਰਸ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਰੈਲੀ ਕਰੇਗੀ ਅਤੇ ਵਰਚੁਅਲ ਤਰੀਕੇ ਨਾਲ ਲਾਈਵ ਟੈਲੀਕਾਸਟ ਕਰੇਗੀ। ਇਸ ਦੇ ਨਾਲ ਹੀ ਰਾਹੁਲ ਦੇ ਐਲਾਨ ਤੋਂ ਪਹਿਲਾਂ ਕਾਦੀਆਂ ਤੋਂ ਚੋਣ ਲੜ ਰਹੇ ਦਿੱਗਜ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਵੱਖਰਾ ਹੀ ਸੁਰ ਅਪਣਾਇਆ ਹੈ। ਬਾਜਵਾ ਨੇ ਕਿਹਾ ਕਿ ਜਿਵੇਂ ਹਾਲਾਤ ਬਣੇ ਹੋਏ ਹਨ, ਕਾਂਗਰਸ ਨੂੰ ਕਿਸੇ ਇਕ ਚਿਹਰੇ ਨਾਲ ਨਹੀਂ ਜਾਣਾ ਚਾਹੀਦਾ। ਕਾਂਗਰਸ ਨੂੰ ਇਹ ਚੋਣ ਸਾਂਝੀ ਅਗਵਾਈ ਵਿੱਚ ਲੜਨੀ ਚਾਹੀਦੀ ਹੈ। ਦੱਸ ਦੇਈਏ ਕਿ ਰਾਜ ਸਭਾ ਮੇਂਬਰ ਅਤੇ ਵਿਧਾਨ ਸਭਾ ਹਲਕਾ ਕਾਦੀਆ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਸਬਾ ਕਾਦੀਆ 'ਚ ਡੋਰ -ਟੋ -ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਮੈਨੀਫੈਸਟੋ ਬਾਰੇ ਗੱਲ ਕਰਦੇ ਕਿਹਾ ਕਿ ਉਹਨਾਂ ਵਲੋਂ ਮੈਨੀਫੈਸਟੋ ਤਿਆਰ ਕਰ ਹਾਈ ਕਮਾਂਡ ਨੂੰ ਭੇਜਿਆ ਗਿਆ ਹੈ ਅਤੇ ਜਲਦ ਮੈਨੀਫੈਸਟੋ ਲੋਕਾਂ ਸਾਹਮਣੇ ਪੇਸ਼ ਹੋਵੇਗਾ। ਉਹਨਾਂ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਪੰਜਾਬ ਦੀ ਸ਼ਕਲ ਬਦਲਣ ਵਾਲਾ ਮੈਨੀਫੈਸਟੋ ਹੈ। ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਪੰਜਾਬ ਦੌਰੇ 'ਤੇ ਆਏ ਸਨ। ਉਨ੍ਹਾਂ ਜਲੰਧਰ ਵਿੱਚ ਵਰਚੁਅਲ ਰੈਲੀ ਕੀਤੀ। ਇਸ ਦੌਰਾਨ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਦਾ ਚਿਹਰਾ ਹੋਣ ਦਾ ਦਾਅਵਾ ਕੀਤਾ। ਸਿੱਧੂ ਨੇ ਕਿਹਾ ਕਿ ਲੋਕ ਪੁੱਛ ਰਹੇ ਹਨ ਕਿ ਪੰਜਾਬ ਕਾਂਗਰਸ ਦਾ ਚਿਹਰਾ ਕੌਣ ਬਣੇਗਾ। ਪੰਜਾਬ ਨੂੰ ਇਸ ਦੁਬਿਧਾ ਵਿੱਚੋਂ ਬਾਹਰ ਆਉਣਾ ਪਵੇਗਾ। ਇਸ ਤੋਂ ਬਾਅਦ ਚੰਨੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ 111 ਦਿਨਾਂ ਦਾ ਕੰਮ ਪਸੰਦ ਹੈ ਤਾਂ ਉਨ੍ਹਾਂ ਨੂੰ 5 ਸਾਲ ਦਾ ਮੌਕਾ ਦਿੱਤਾ ਜਾਵੇ ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਹੋਰ ਵਰਕਰ ਚਾਹੀਦੇ ਹਨ ਤਾਂ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਇਥੇ ਪੜ੍ਹੋ ਹੋਰ ਖ਼ਬਰਾਂ: ਆਲੀਆ ਭੱਟ ਨੇ ਰਣਬੀਰ ਕਪੂਰ ਨੂੰ ਐਲਾਨਿਆ 'Best boyfriend ever' -PTC News