ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਲੜਨਗੇ ਚੋਣ: ਹਰਸਿਮਰਤ ਕੌਰ ਬਾਦਲ
Assembly Elections 2022: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਭਰ ਵਿਚ ਸਿਆਸੀ ਪਿੜ ਸਰਗਰਮ ਹੈ। ਇਸ ਵਿਚਾਲੇ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਹੀ ਚੋਣ ਲੜਨਗੇ। ਉਨ੍ਹਾਂ ਦੇ ਦਫ਼ਤਰ ਦਾ ਅੱਜ ਲੰਬੀ ਵਿਖੇ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਨਸ਼ਾ ਤਸਕਰੀ ਮਾਮਲੇ ਨੂੰ ਲੈ ਕੇ ਕਿਹਾ ਕਿ ਜੇਕਰ ਮੇਰਾ ਭਰਾ ਰੱਤੀ ਭਰ ਵੀ ਕਸੂਰਵਾਰ ਹੈ ਤਾਂ ਉਸ ਦਾ ਕੱਖ ਨਾ ਰਹੇ ਤੇ ਜੇਕਰ ਉਸ ਨੂੰ ਨਾਜਾਇਜ ਫਸਾਇਆ ਜਾ ਰਿਹਾ ਹੈ ਤਾਂ ਉਸ ਨੂੰ ਫਸਾਉਣ ਵਾਲਿਆਂ ਦਾ ਕੱਖ ਨਾ ਰਹੇ। ਹਰਸਿਮਰਤ ਬਾਦਲ ਨੇ ਕਿਹਾ ਜਿਸ ਤਰ੍ਹਾਂ ਦੇ ਬਾਕੀਆਂ ਦੇ ਭਰਾ ਨੇ, ਉਸੇ ਤਰ੍ਹਾਂ ਮੇਰਾ ਵੀ ਭਰਾ ਹੈ, ਸਾਡੇ ਵੀ ਬੱਚੇ ਹਨ ਤੇ ਪਰਮਾਤਮਾ ਨੂੰ ਮੰਨਣ ਵਾਲਾ ਸਾਡਾ ਪਰਿਵਾਰ ਹੈ ਤੇ ਪਰਮਾਤਮਾ ਸਭ ਕੁਝ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਪੰਜ ਸਾਲ ਨਸ਼ਿਆ ਤੇ ਬੇਅਦਬੀ ਦੇ ਮਾਮਲੇ 'ਚ ਸਿਆਸਤ ਕੀਤੀ ਤੇ ਕੁਝ ਵੀ ਨਹੀਂ ਮਿਲਿਆ। ਹੁਣ ਉਹ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਸਾਜਿਸ਼ ਕਰ ਰਹੇ ਹਨ। 20 ਦਿਨ ਦਾ ਡੀਜੀਪੀ ਲਾ ਕੇ ਜਾਂਦੀ ਸਰਕਾਰ ਨੇ ਝੂਠਾ ਪਰਚਾ ਕਰਾਇਆ। ਇਹ ਵੀ ਪੜ੍ਹੋ: ਬੇਅਦਬੀ ਤੇ ਇਸ 'ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ: ਸੁਖਬੀਰ ਸਿੰਘ ਬਾਦਲ -PTC News