ਪੈਰਾ ਪਾਵਰਲਿਫਟਰ ਸੁਧੀਰ ਤੇ ਲੌਂਗ ਜੰਪ ਖਿਡਾਰੀ ਸ਼੍ਰੀਸ਼ੰਕਰ ਨੇ CWG 'ਚ ਰਚਿਆ ਇਤਿਹਾਸ
Jasmeet Singh
August 5th 2022 08:21 AM --
Updated:
August 5th 2022 03:08 PM
Commonwealth Games 2022: ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 'ਚ ਭਾਰਤ ਨੇ ਕੁੱਲ 20 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚ 6 ਸੋਨ, 7 ਚਾਂਦੀ ਅਤੇ 7 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਗਮਾ ਸੂਚੀ 'ਚ 7ਵੇਂ ਸਥਾਨ 'ਤੇ ਹੈ। ਸੁਧੀਰ ਨੇ 7ਵੇਂ ਦਿਨ ਭਾਰਤ ਲਈ ਪੈਰਾ ਪਾਵਰਲਿਫਟਿੰਗ ਵਿੱਚ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਮੁਰਲੀ ਸ਼੍ਰੀਸ਼ੰਕਰ ਨੇ ਲੌਂਗ ਜੰਪ 'ਚ ਚਾਂਦੀ ਦਾ ਤਗਮਾ ਜਿੱਤਿਆ।
ਸ਼੍ਰੀਸ਼ੰਕਰ ਦਾ ਤਗਮਾ ਸੱਤਵੇਂ ਦਿਨ ਭਾਰਤ ਦਾ ਪਹਿਲਾ ਤਗਮਾ ਸੀ। ਇਸ ਤੋਂ ਪਹਿਲਾਂ ਚਾਰ ਭਾਰਤੀ ਮੁੱਕੇਬਾਜ਼ਾਂ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਭਾਰਤ ਲਈ ਚਾਰ ਤਗਮੇ ਯਕੀਨੀ ਬਣਾਏ ਹਨ। ਪੁਰਸ਼ਾਂ ਦੀ ਮੁੱਕੇਬਾਜ਼ੀ ਵਿੱਚ ਅਮਿਤ ਪੰਘਾਲ, ਸਾਗਰ ਅਹਲਾਵਤ, ਰੋਹਿਤ ਟੋਕਸ ਅਤੇ ਮਹਿਲਾ ਮੁੱਕੇਬਾਜ਼ੀ ਵਿੱਚ ਜੈਸਮੀਨ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਕੁੱਲ ਮਿਲਾ ਕੇ ਸੱਤ ਭਾਰਤੀ ਮੁੱਕੇਬਾਜ਼ ਆਪਣੇ-ਆਪਣੇ ਮੁਕਾਬਲਿਆਂ ਵਿੱਚ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ।
ਭਾਰਤ ਦੇ ਪੈਰਾ ਪਾਵਰਲਿਫਟਰ ਸੁਧੀਰ ਨੇ ਪੁਰਸ਼ਾਂ ਦੇ ਹੈਵੀਵੇਟ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ। 87.30 ਕਿਲੋ ਭਾਰ ਵਾਲੇ ਸੁਧੀਰ ਨੇ ਪਹਿਲੀ ਕੋਸ਼ਿਸ਼ ਵਿੱਚ 14 ਦੇ ਰੈਕ ਦੀ ਉਚਾਈ ਨਾਲ 208 ਕਿਲੋ ਭਾਰ ਚੁੱਕਿਆ। ਇਸ ਦੇ ਨਾਲ ਹੀ ਦੂਜੀ ਕੋਸ਼ਿਸ਼ 'ਚ 212 ਕਿਲੋ ਭਾਰ ਚੁੱਕਿਆ। ਆਪਣੀ ਆਖਰੀ ਕੋਸ਼ਿਸ਼ ਵਿੱਚ ਸੁਧੀਰ 217 ਕਿਲੋ ਭਾਰ ਚੁੱਕਣ ਵਿੱਚ ਅਸਫਲ ਰਿਹਾ। ਸੁਧੀਰ ਨੇ 134.5 ਅੰਕਾਂ ਨਾਲ ਟਾਪ ਕੀਤਾ ਅਤੇ ਸੋਨ ਤਮਗਾ ਜਿੱਤਿਆ। ਸੁਧੀਰ ਪੈਰਾ ਪਾਵਰਲਿਫਟਿੰਗ (ਦਿਵਯਾਂਗ ਅਥਲੀਟਾਂ ਲਈ ਵੇਟਲਿਫਟਿੰਗ) ਵਿੱਚ ਸੋਨ ਤਗਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਅਥਲੀਟ ਬਣ ਗਿਆ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਇਹ ਛੇਵਾਂ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਮੀਰਾਬਾਈ ਚਾਨੂ, ਜੇਰੇਮੀ ਲਾਲਨਿਰੁੰਗਾ ਅਤੇ ਅਚਿੰਤਾ ਸ਼ਿਉਲੀ ਵੇਟਲਿਫਟਿੰਗ ਵਿੱਚ ਸੋਨ ਤਮਗਾ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਮਹਿਲਾ ਲਾਅਨ ਬਾਲ ਟੀਮ ਅਤੇ ਪੁਰਸ਼ਾਂ ਦੀ ਟੇਬਲ ਟੈਨਿਸ ਟੀਮ ਨੇ ਵੀ ਸੋਨ ਤਗਮੇ ਜਿੱਤੇ।
ਭਾਰਤ ਦੇ ਲੌਂਗ ਜੰਪਰ ਮੁਰਲੀ ਸ਼੍ਰੀਸ਼ੰਕਰ ਨੇ ਟ੍ਰੈਕ ਐਂਡ ਫੀਲਡ ਵਿੱਚ ਭਾਰਤ ਨੂੰ ਦੂਜਾ ਤਗਮਾ ਦਿਵਾਇਆ ਹੈ। ਸ਼੍ਰੀਸ਼ੰਕਰ ਨੇ ਪੁਰਸ਼ਾਂ ਦੀ ਲੰਬੀ ਛਾਲ ਦੇ ਫਾਈਨਲ ਵਿੱਚ 8.08 ਮੀਟਰ ਦੀ ਸਰਵੋਤਮ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਸ਼੍ਰੀਸ਼ੰਕਰ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਲੰਬੀ ਛਾਲ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਪੁਰਸ਼ ਅਥਲੀਟ ਬਣ ਗਿਆ ਹੈ। ਇਸ ਤੋਂ ਪਹਿਲਾਂ ਮਹਿਲਾ ਸਾਬਕਾ ਐਥਲੀਟ ਅੰਜੂ ਬੌਬੀ ਜਾਰਜ ਅਤੇ ਪ੍ਰਜੂਸ਼ਾ ਮਲਾਈਖਲ ਤਗਮੇ ਜਿੱਤ ਚੁੱਕੀਆਂ ਹਨ। ਅੰਜੂ ਬੌਬੀ ਨੇ 2002 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਲੰਬੀ ਛਾਲ ਵਿੱਚ ਕਾਂਸੀ ਦਾ ਤਗਮੇ ਜਿੱਤਿਆ ਸੀ ਅਤੇ ਪ੍ਰਜੂਸ਼ਾ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਸੁਰੇਸ਼ ਬਾਬੂ ਨੇ 1978 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਲੌਂਗ ਜੰਪ ਵਿੱਚ ਪ੍ਰਜੂਸ਼ਾ ਤੋਂ ਬਾਅਦ ਭਾਰਤ ਲਈ ਇਹ ਦੂਜਾ ਚਾਂਦੀ ਦਾ ਤਗ਼ਮਾ ਹੈ। -PTC News