ਮਾਨ ਸਰਕਾਰ ਦੀ ਇਸ ਹਰਕਤ ਮਗਰੋਂ ਅਣਗੌਲਿਆ ਮਹਿਸੂਸ ਕਰ ਰਹੇ ਪੈਰਾ ਅਥਲੀਟ

By  Jasmeet Singh August 29th 2022 03:34 PM -- Updated: August 29th 2022 03:46 PM

ਚੰਡੀਗੜ੍ਹ, 29 ਅਗਸਤ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦਿਵਯਾਂਗ ਖਿਡਾਰੀਆਂ ਨਾਲ ਵਿਤਕਰੇ ਨੂੰ ਵੇਖ ਇਹ ਖਿਡਾਰੀ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਹਨ। ਪੰਜਾਬ ਦੇ ਇਨ੍ਹਾਂ ਖਿਡਾਰੀਆਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਸੂਬੇ ਦਾ ਨਾਂ ਰੌਸ਼ਨ ਕਰਦਿਆਂ ਇਸਦੀ ਝੋਲੀ ਤਗਮੇ ਪਾਏ। ਪਰ ਉਨ੍ਹਾਂ ਇਹ ਕਿੱਥੇ ਸੋਚਿਆ ਸੀ ਵੀ 'ਆਪ' ਦੀ ਹਕੂਮਤ ਉਨ੍ਹਾਂ ਨਾਲ ਹੀ ਇਸ ਤਰ੍ਹਾਂ ਦਾ ਵਿਤਕਰਾ ਕਰੇਗੀ, ਕਿ ਸਨਮਾਨ ਸਮਾਰੋਹ 'ਚ ਸੱਦਿਆ ਹੀ ਨਹੀਂ ਜਾਵੇਗਾ। ਮਾਨ ਸਰਕਾਰ ਵੱਲੋਂ ਸੂਬੇ ਦੇ 23 ਅਥਲੀਟਾਂ ਜੋ ਕਿ ਸਾਰੇ ਹੀ ਸਰੀਰਕ ਤੌਰ 'ਤੇ ਤੰਦਰੁਸਤ ਸਨ, ਨੂੰ ਤਗਮੇ ਜਿੱਤਣ ਅਤੇ ਭਾਗ ਲੈਣ ਲਈ ਵਧਾਈ ਦਿੱਤੀ ਗਈ ਤੇ ਉਨ੍ਹਾਂ ਦੀ ਸ਼ਾਨ 'ਚ ਇੱਕ ਸਨਮਾਨ ਸਮਾਰੋਹ ਵੀ ਆਯੋਜਿਤ ਹੋਇਆ। ਦੂਜੇ ਪਾਸੇ ਦੋ ਅਥਲੀਟ ਹੋਰ ਸਨ ਜਿਨ੍ਹਾਂ ਰਾਸ਼ਟਰਮੰਡਲ ਖੇਡਾਂ 'ਚ ਭਾਗ ਲਿਆ, ਪੰਜਾਬ ਦਾ ਨਾਂ ਬੁਲੰਦੀਆਂ 'ਤੇ ਪਹੁੰਚਾਇਆ ਪਰ ਸਰਕਾਰ ਦੇ ਇਸ ਰਵੱਈਏ 'ਤੇ ਹੁਣ ਉਨ੍ਹਾਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਫਗਵਾੜਾ ਤੋਂ ਪੈਰਾ ਲਿਫਟਰ ਮਨਪ੍ਰੀਤ ਕੌਰ ਅਤੇ ਲੁਧਿਆਣਾ ਦੇ ਪਿੰਡ ਹਰੀਪੁਰ ਖਾਲਸਾ ਤੋਂ ਪੈਰਾ ਲਿਫਟਰ ਪਰਮਜੀਤ ਸਿੰਘ ਨੂੰ ਪੰਜਾਬ ਸਰਕਾਰ ਸਨਮਾਨ ਸਮਾਰੋਹ ਵਿੱਚ ਬੁਲਾਨਾ ਭੁੱਲ ਗਈ, ਜਿਵੇਂ ਇਨ੍ਹਾਂ ਦੀ ਉਪਲਬਧੀ ਕੋਈ ਮਤਲਬ ਹੀ ਨਾ ਰੱਖਦੀ ਹੋਵੇ।

ਸਰਕਾਰ ਵੱਲੋਂ ਸੱਦੇ ਗਏ 23 ਖਿਡਾਰੀਆਂ ਨੂੰ ਕੁੱਲ 9.30 ਕਰੋੜ ਰੁਪਏ ਦੀ ਨਕਦੀ ਇਨਾਮ ਰਾਸ਼ੀ ਵਜੋਂ ਦਿੱਤੀ ਗਈ। 15 ਚਾਂਦੀ ਤਗਮਾ ਜੇਤੂਆਂ ਨੂੰ 50-50 ਲੱਖ ਰੁਪਏ ਦਿੱਤੇ ਗਏ ਜਦਕਿ 4 ਕਾਂਸੀ ਤਮਗਾ ਜੇਤੂਆਂ ਨੂੰ 40-40 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਚਾਰ ਖਿਡਾਰੀਆਂ ਨੂੰ ਉਨ੍ਹਾਂ ਦੀ ਭਾਗੀਦਾਰੀ ਲਈ 5 ਲੱਖ ਰੁਪਏ ਦਾ ਨਕਦ ਇਨਾਮ ਮਿਲਿਆ ਪਰ ਇਨ੍ਹਾਂ ਪੈਰਾ ਅਥਲੀਟਾਂ ਨੂੰ ਕੁਝ ਨਸੀਬ ਨਹੀਂ ਹੋਇਆ ਜਿਨ੍ਹਾਂ ਸ਼ਰੀਰ ਦੀ ਅਸਮਰੱਥਾ ਦੇ ਬਾਵਜੂਦ ਪੰਜਾਬ ਦੇ ਜਜ਼ਬੇ ਨੂੰ ਕਾਇਮ ਰੱਖਦਿਆਂ ਆਪਣੇ ਆਪ ਨੂੰ ਸਮਰੱਥ ਸਾਬਿਤ ਕੀਤਾ। ਹੁਣ ਵੇਖਣਾ ਹੋਵੇਗਾ ਕਿ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗਦੀ ਹੈ ਜਾਂ ਨਹੀਂ। ਫ਼ਿਲਹਾਲ ਤਾਂ ਖ਼ਬਰ ਦੇ ਸਾਹਮਣੇ ਆਉਣ ਤੱਕ ਸਰਕਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਤੇ ਅੱਤਵਾਦੀ ਰਿੰਦਾ ਵੱਲੋਂ ਪੰਜਾਬ ਪੁਲਿਸ ਨੂੰ ਧਮਕੀ, ਬੈਂਸ ਨੇ ਦਿੱਤਾ ਕਰਾਰਾ ਜਵਾਬ



-PTC News

Related Post