ਪੰਚਾਇਤੀ ਫੰਡ ਘੁਟਾਲਾ: ਵਿਜੀਲੈਂਸ ਦੇ ਰਾਡਾਰ 'ਤੇ ਆਇਆ ਸਾਬਕਾ ਕਾਂਗਰਸੀ ਵਿਧਾਇਕ
ਪਟਿਆਲਾ, 11 ਅਗਸਤ: ਪਟਿਆਲਾ ਦੇ ਪਿੰਡ ਆਕੜੀ ਪੰਚਾਇਤੀ ਘੁਟਾਲੇ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵਿਜੀਲੈਂਸ ਦੇ ਰਡਾਰ 'ਤੇ ਆ ਚੁਕੇ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਕਿ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀਆਂ ਤਾਰਾਂ ਆਕੜੀ ਪਿੰਡ ਦੀ ਸਰਪੰਚ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ।
ਮਾਮਲਾ ਇਹ ਹੈ ਕਿ ਪਿੰਡ ਦੀ ਸਰਪੰਚ ਹਰਜੀਤ ਕੌਰ 'ਤੇ 12 ਕਰੋੜ ਤੋਂ ਵੱਧ ਰਕਮ ਦੀ ਗਬਨ ਕਰਨ ਦਾ ਦੋਸ਼ ਹੈ, ਜਿਸ ਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਦੀ ਹਿਰਾਸਤ ਵਿੱਚ ਹਰਜੀਤ ਕੌਰ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਨਾਮ ਲਿਆ ਹੈ। ਸੂਤਰਾਂ ਅਨੁਸਾਰ ਉਸ ਨੇ ਵਿਜੀਲੈਂਸ ਦੀ ਟੀਮ ਨੂੰ ਦੱਸਿਆ ਕਿ ਜਿਵੇਂ ਉਸ ਵੇਲੇ ਦੇ ਵਿਧਾਇਕ ਜਲਾਲਪੁਰ ਹਦਾਇਤ ਦਿੰਦਾ ਸੀ ਉਸ ਤਰੀਕੇ ਨਾਲ ਹੀ ਉਹ ਕੰਮ ਕਰਦੀ ਸੀ।
ਦੱਸ ਦੇਈਏ ਕਿ ਮਦਨ ਲਾਲ ਜਲਾਲਪੁਰ ਨਾਲ ਸੰਪਰਕ ਨਹੀਂ ਹੋ ਸਕਿਆ ਇਸ ਵੇਲੇ ਉਹ ਆਸਟ੍ਰੇਲੀਆ ਦੇ ਦੌਰੇ 'ਤੇ ਹਨ ਅਤੇ 20 ਅਗਸਤ ਤੋਂ ਬਾਅਦ ਭਾਰਤ ਪਰਤ ਸਕਦੇ ਹਨ।
ਸੂਤਰਾਂ ਮੁਤਾਬਕ ਪੰਚਾਇਤ ਦੇ ਇਸ ਫੰਡ ਘੁਟਾਲੇ 'ਚ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਲੈਣ-ਦੇਣ ਦੇ ਸਾਰੇ ਕਾਰਜ ਜਲਾਲਪੁਰ ਰਾਹੀਂ ਹੁੰਦੇ ਸਨ। ਵਿਜੀਲੈਂਸ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਵਿਕਾਸ ਕਾਰਜਾਂ ਦੇ ਨਾਂ 'ਤੇ ਪੰਚਾਇਤੀ ਫੰਡਾਂ 'ਚ 12.24 ਕਰੋੜ ਰੁਪਏ ਦੀ ਗਬਨ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।