ਮੰਦਰ ਦੇ ਦਾਨ ਬਾਕਸ 'ਚੋਂ ਮਿਲਿਆ ਪਾਕਿਸਤਾਨੀ ਨੋਟ, ਧਮਕੀ ਲਿਖ ਕੇ ਮੰਗੀ ਫਿਰੌਤੀ

By  Ravinder Singh September 30th 2022 01:44 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਛੇਹਰਟਾ ਵਿਚ ਇਕ ਮੰਦਰ ਦੇ ਦਾਨ ਬਾਕਸ ਪਾਕਿਸਤਾਨੀ ਨੋਟ ਮਿਲਿਆ। ਨੋਟ ਉਤੇ ਧਮਕੀ ਲਿਖ ਕੇ 5 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਹੈ। ਫਿਰੌਤੀ ਨਾ ਦੇਣ 'ਤੇ ਮੰਦਰ ਨੂੰ ਉਡਾਉਣ ਤੇ ਮੰਦਰ ਪ੍ਰਬੰਧਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਛੇਹਰਟਾ ਸਥਿਤ ਸ੍ਰੀ ਰਾਮਬਾਲਾ ਜੀ ਧਾਮ ਮੰਦਰ ਦੇ ਦਾਨ ਪਾਤਰ 'ਚੋਂ ਮੰਦਰ ਪ੍ਰਬੰਧਕਾਂ ਨੂੰ ਪਾਕਿਸਤਾਨ ਦੇ 100 ਰੁਪਏ ਦੇ ਨੋਟ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕਾਬਿਲੇਗੌਰ ਹੈ ਕਿ ਮੰਦਰ ਨੂੰ ਉਡਾਉਣ ਤੇ ਮੰਦਰ ਦੇ ਸੇਵਾਦਾਰ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਅਸ਼ੀਲ ਜੀ ਮਹਾਰਾਜ ਨੂੰ ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ ਪਰ ਅੱਜ ਤੱਕ ਪੁਲਿਸ ਨੇ ਧਮਕੀਆਂ ਦੇਣ ਵਾਲੇ ਵਿਅਕਤੀਆਂ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਹੈ ਤੇ ਨਾ ਹੀ ਉਨ੍ਹਾਂ ਬਾਰੇ ਪਤਾ ਲਗਾ ਚੁੱਕੀ ਹੈ। ਹੁਣ ਪਾਕਿਸਤਾਨ ਦੀ ਅਜਿਹੀ ਧਮਕੀ ਮਗਰੋਂ ਮੰਦਰ ਦੇ ਸੇਵਾਦਾਰ ਨੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਤੇ ਥਾਣਾ ਛੇਹਰਟਾ ਦੀ ਪੁਲਿਸ ਨੂੰ ਫ਼ੋਨ ਉਪਰ ਜਾਣਕਾਰੀ ਦਿੱਤੀ ਹੈ। ਮੰਦਰ ਦੇ ਸੇਵਾਦਾਰਾਂ ਦਾ ਇਲਜ਼ਾਮ ਹੈ ਕਿ ਪੁਲਿਸ ਇਸ ਪ੍ਰਤੀ ਲਾਪਰਵਾਹ ਹੈ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨਸਾਫ ਦੀ ਅਪੀਲ ਕੀਤੀ ਹੈ। ਇਹ ਵੀ ਪੜ੍ਹੋ : ਅਨਿਲ ਚੌਹਾਨ ਅੱਜ ਸੰਭਾਲਣਗੇ CDS ਦਾ ਅਹੁਦਾ, ਜਾਣੋ ਕਿੰਨੀ ਹੋਵੇਗੀ ਤਨਖਾਹ, ਕੀ ਹੋਵੇਗਾ ਕੰਮ? ਪਿੰਡ ਕਾਲੇ ਵਾਸੀ ਦੀਪਕ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੰਦਰ ਦੀ ਸੇਵਾ ਕਰ ਰਿਹਾ ਹੈ। ਰਾਤ ਨੂੰ ਮੰਦਰ ਦਾ ਦਾਨ ਪਾਤਰ ਖੋਲ੍ਹਿਆ ਸੀ। ਜਦੋਂ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਚੜ੍ਹਾਵੇ (ਪੈਸੇ) ਦੀ ਗਿਣਤੀ ਸ਼ੁਰੂ ਕੀਤੀ ਗਈ ਤਾਂ ਉਸ 'ਚ ਪਾਕਿਸਤਾਨੀ ਕਰੰਸੀ ਦਾ ਸੌ ਰੁਪਏ ਦਾ ਨੋਟ ਨਜ਼ਰ ਆਇਆ। ਇਸ ਉਪਰ ਪੰਜਾਬੀ 'ਚ ਲਿਖਿਆ ਹੈ ਕਿ ਬਾਬਾ ਅਸ਼ੀਲ, ਤੂੰ ਬਹੁਤ ਮਾਇਆ ਜੋੜ ਰੱਖੀ ਹੈ। ਉਸ (ਧਮਕੀ ਦੇਣ ਵਾਲੇ) ਨੂੰ ਮਾਇਆ ਦੀ ਕਾਫੀ ਲੋੜ ਹੈ। ਤੇਰੇ ਘਰ ਤੋਂ ਲੈ ਕੇ ਮੰਦਰ ਤੱਕ ਦੇ ਰਸਤੇ 'ਚ ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਤੈਨੂੰ ਜਲਦ ਪਤਾ ਲੱਗ ਜਾਵੇਗਾ। ਤੂੰ ਪੰਜ ਲੱਖ ਰੁਪਏ ਤਿਆਰ ਰੱਖ। ਅਜਿਹੀ ਧਮਕੀ ਮਗਰੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਤੋਂ ਪਹਿਲਾਂ 29 ਜੁਲਾਈ ਨੂੰ ਮੰਦਰ ਕੰਪਲੈਕਸ ਤੋਂ ਪੱਤਰ ਮਿਲਿਆ ਸੀ। ਉਸ ਵਿਚ ਦੱਸਿਆ ਗਿਆ ਸੀ ਕਿ ਮੰਦਰ ਵੱਲੋਂ ਅਣਪਛਾਤੇ ਧਮਕੀ ਦੇਣ ਵਾਲਿਆਂ ਖ਼ਿਲਾਫ਼ ਦਿੱਤੀਆਂ ਸ਼ਿਕਾਇਤਾਂ ਵਾਪਸ ਲੈਣ ਲਈ ਕਿਹਾ ਗਿਆ ਸੀ। -PTC News

Related Post