ਮੱਤੇਵਾੜਾ ਦੇ ਜੰਗਲਾਂ 'ਚ ਇੰਡਸਟਰੀ ਲਾਉਣ ਨੂੰ ਲੈ ਕੇ ਜਥੇਬੰਦੀਆਂ ਦਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਲੁਧਿਆਣਾ : ਮੱਤੇਵਾੜਾ ਜੰਗਲਾਂ ਦਾ ਮਾਮਲਾ ਅਜੇ ਵੀ ਠੰਢਾ ਹੋਣ ਦਾ ਨਾਮ ਨਹੀਂ ਲੈ ਰਿਹਾ। ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ ਦੇ ਵਿਰੋਧ 'ਚ ਅੱਜ ਪੰਜਾਬ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰਨ ਵਾਲਿਆਂ ਦਾ ਤਰਕ ਹੈ ਕਿ ਮੈਗਾ ਟੈਕਸਟਾਈਲ ਪ੍ਰਾਜੈਕਟ ਨਾਲ ਹਜ਼ਾਰਾਂ ਏਕੜ ਜੰਗਲਾਂ ਤੇ ਸਤਲੁਜ ਦਰਿਆ ਦਾ ਵੱਡਾ ਇਲਾਕਾ ਪ੍ਰਭਾਵਿਤ ਹੋਵੇਗਾ। ਇਸ ਦੇ ਨਾਲ ਉਜਾੜਾ ਹੋਵੇਗਾ ਜਿਸ ਨਾਲ ਸਿਰਫ ਮਨੁੱਖ ਹੀ ਨਹੀਂ ਬਲਕਿ ਪਸ਼ੂ, ਪੰਛੀ ਤੇ ਹੋਰ ਜੀਵ ਵੀ ਪ੍ਰਭਾਵਿਤ ਹੋਣਗੇ।
ਇਸ ਦੇ ਨਾਲ ਹੀ ਅੱਜ ਮੱਤੇਵਾੜਾ ਦੇ ਜੰਗਲਾਂ ਦੇ ਕੋਲ ਸਤਲੁਜ ਦਰਿਆ ਤੇ ਪਬਲਿਕ ਐਕਸ਼ਨ ਕਮੇਟੀ ਨੇ ਮੋਰਚਾ ਲਾ ਦਿੱਤਾ ਹੈ। ਇਨ੍ਹਾਂ ਵਿੱਚ ਕਈ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ, ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ,ਕਾਂਗਰਸ ਦੇ ਵੱਡੇ ਆਗੂ ਇਸ ਮੋਰਚੇ ਵਿਚ ਸ਼ਾਮਲ ਹੋਏ ਹਨ। ਮੱਤੇਵਾੜਾ ਦੇ ਜੰਗਲਾਂ 'ਚ ਇੰਡਸਟਰੀ ਲਾਉਣ ਨੂੰ ਲੈ ਕੇ ਸਰਕਾਰ ਦੇ ਖ਼ਿਲਾਫ਼ ਰੋਸ ਵਜੋਂ ਇਹ ਮੋਰਚਾ ਲਾਇਆ ਗਿਆ ਹੈ।
ਪਬਲਿਕ ਐਕਸ਼ਨ ਕਮੇਟੀ ਦੇ ਆਗੂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ, ਅਕਾਲੀ ਦਲ ਦੇ ਆਗੂ ਅਤੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਜੇਕਰ ਆਮ ਆਦਮੀ ਪਾਰਟੀ ਨੇ ਇੱਥੇ ਇੰਡਸਟਰੀ ਲਾਈ ਤਾਂ ਆਉਣ ਵਾਲੇ ਦਿਨਾਂ 'ਚ ਪੱਕਾ ਮੋਰਚਾ ਲਾਇਆ ਜਾਵੇਗਾ।