ਪੰਜਾਬ 'ਚ ਸਾਰੇ ਇੰਡਸਟਰੀਅਲ ਕੁਨੈਕਸ਼ਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਬੰਦ ਰੱਖਣ ਦੇ ਹੁਕਮ
ਚੰਡੀਗੜ੍ਹ: ਪੰਜਾਬ ’ਚ ਬਿਜਲੀ ਦੀ ਕਮੀ ਲਗਾਤਾਰ ਜਾਰੀ ਹੈ। ਪੰਜਾਬ ਵਿੱਚ ਕੋਲੇ ਦੀ ਘਾਟ ਹੋਣ ਕਰਕੇ ਅਤੇ ਤਕਨੀਕੀ ਖਰਾਬੀ ਹੋਣ ਕਰਕੇ ਬੰਦ ਪਏ ਯੂਨਿਟਾਂ ਕਰਕੇ ਪੰਜਾਬ ਨੂੰ ਬਿਜਲੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਦੇ ਲੰਬੇ ਕੱਟ ਲੱਗਣ ਕਾਰਨ ਪੰਜਾਬ ਦੇ ਲੋਕ ਪਰੇਸ਼ਾਨ ਹੋ ਰਹੇ ਹਨ। ਪੰਜਾਬ ਬਿਜਲੀ ਬੋਰਡ ਨੇ ਬਿਜਲੀ ਦੀ ਕਮੀ ਨਾਲ ਨਜਿੱਠਣ ਲਈ ਅੱਜ ਪੰਜਾਬ ਵਿੱਚ ਸਾਰੇ ਇੰਡਸਟਰੀਅਲ ਕੁਨੈਕਸ਼ਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਨਾਰਦਰਨ ਲੋਡ ਡਿਸਪੈਚ ਸੈਂਟਰ ਅਨੁਸਾਰ ਵੀਰਵਾਰ ਨੂੰ ਪੰਜਾਬ ’ਚ 2000 ਮੈਗਾਵਾਟ ਦੀ ਸ਼ਾਰਟੇਜ ਰਹੀ। ਡਿਸਪੈਚ ਸੈਂਟਰ ਅਨੁਸਾਰ ਪੰਜਾਬ ਬਿਜਲੀ ਬੋਰਡ ਕੋਲ ਸ਼ੁੱਕਰਵਾਰ ਨੂੰ 8500 ਮੈਗਾਵਾਟ ਬਿਜਲੀ ਮੁਹੱਈਆ ਰਹੀ, ਜਿਸ ’ਚ 3672 ਮੈਗਾਵਾਟ ਬਿਜਲੀ ਬਾਹਰ ਤੋਂ ਲਈ ਗਈ, ਜਦੋਂ ਕਿ ਪੰਜਾਬ ’ਚ 4805 ਮੈਗਾਵਾਟ ਦਾ ਉਤਪਾਦਨ ਹੋਇਆ। ਦੱਸ ਦੇਈਏ ਕਿ ਪੰਜਾਬ ਵਿੱਚ ਬਿਜਲੀ ਦਾ ਸੰਕਟ ਚੱਲ ਰਿਹਾ ਹੈ ਕਿਉਂਕਿ 15 ਯੂਨਿਟਾਂ ਵਿਚੋਂ 10 ਯੂਨਿਟ ਹੀ ਵਰਕਿੰਗ ਵਿੱਚ ਹਨ। ਪੰਜਾਬ ਵਿੱਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੋਂ ਟੱਪੀ ਹੈ। ਇਸ ਦੇ ਨਾਲ ਹੀ ਰੋਪੜ ਥਰਮਲ ਪਲਾਂਟ ਦਾ ਚੌਥਾ ਯੂਨਿਟ ਵੀ ਭਖਾਇਆ ਹੋਇਆ ਹੈ ਤੇ ਤਲਵੰਡੀ ਸਾਬੋ ਦਾ ਇੱਕ ਯੂਨਿਟ (660 MW) ਰੱਖ ਰਖਾਓ ਲਈ ਅਜੇ ਵੀ ਬੰਦ ਹੈ। ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਪਟਿਆਲਾ ਦੇ ਆਈਜੀ ਅਤੇ ਐਸਐਸਪੀ ਦਾ ਕੀਤਾ ਤਬਾਦਲਾ ਗੋਇੰਦਵਾਲ ਸਾਹਿਬ ਦਾ ਇੱਕ ਯੂਨਿਟ (270 MW) ਕੋਲੇ ਦੀ ਘਾਟ ਕਰਕੇ ਨਹੀਂ ਚੱਲ ਸਕਿਆ ਹੈ। ਪੰਜਾਬ ਵਿਚਲੇ ਸਾਰੇ ਸਰੋਤਾਂ ਜਿਹਾ ਕਿ ਥਰਮਲ, ਹਾਈਡਲ ਅਤੇ ਸੋਲਰ ਪਲਾਂਟਾਂ ਤੋਂ 4856 MW ਬਿਜਲੀ ਮਿਲ ਰਹੀ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ। ਰਿਕਾਰਡ ਤੋੜ ਗਰਮੀ ਅਤੇ ਕੋਲੇ ਦੀ ਕਮੀ ਕਾਰਨ ਬਿਜਲੀ ਦੀ ਵਧਦੀ ਮੰਗ ਨੇ ਬਿਜਲੀ ਸੰਕਟ ਦੀ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਦੇਸ਼ ਦੇ ਕਈ ਰਾਜ ਘੰਟਿਆਂ ਬੱਧੀ ਬਿਜਲੀ ਕੱਟਾਂ ਨਾਲ ਜੂਝ ਰਹੇ ਹਨ। ਆਉਣ ਵਾਲੇ ਦਿਨਾਂ 'ਚ ਇਹ ਸੰਕਟ ਹੋਰ ਡੂੰਘਾ ਹੋ ਸਕਦਾ ਹੈ, ਕਿਉਂਕਿ ਗਰਮੀ ਵਧਣ ਨਾਲ ਆਉਣ ਵਾਲੇ ਦਿਨਾਂ 'ਚ ਬਿਜਲੀ ਦੀ ਮੰਗ ਘੱਟਣ ਦੀ ਬਜਾਏ 8 ਫੀਸਦੀ ਹੋਰ ਵਧ ਸਕਦੀ ਹੈ। -PTC News