ਐਮਪੀ ਮਿੱਤਲ ਦੀ ਐਲ.ਪੀ.ਯੂ ਵੱਲੋਂ ਜ਼ਮੀਨ ਹੜੱਪਣ ਨੂੰ ਲੈ ਕੇ ਵਿਰੋਧੀ ਧਿਰ ਨੇ 'ਆਪ' ਸਰਕਾਰ ਨੂੰ ਘੇਰਿਆ
ਚੰਡੀਗੜ੍ਹ, 01 ਅਗਸਤ: ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੀ ਮਲਕੀਅਤ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਪੰਚਾਇਤੀ ਜ਼ਮੀਨ ਨੂੰ ਕਥਿਤ ਤੌਰ ’ਤੇ ਹੜੱਪਣ ਦੇ ਮਾਮਲੇ ਵਿੱਚ ਸ਼ੱਕ ਦੇ ਘੇਰੇ ਵਿੱਚ ਹੈ। ਯੂਨੀਵਰਸਿਟੀ 'ਆਪ' ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਮਲਕੀਅਤ ਹੈ।
ਹਾਲਾਂਕਿ ਮਸ਼ਹੂਰ ਅਖਬਾਰ 'ਦਿ ਟ੍ਰਿਬਿਊਨ' ਨੇ ਰਿਪੋਰਟ ਦਿੱਤੀ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਜ਼ਮੀਨ ਖਾਲੀ ਕਰਵਾਉਣ 'ਚ 'ਧੀਮੇ' ਚੱਲ ਰਹੇ ਹਨ। ਦਿ ਟ੍ਰਿਬਿਊਨ ਦੀ ਰਿਪੋਰਟ ਤੋਂ ਬਾਅਦ ਵਿਰੋਧੀ ਧਿਰ ਨੇ ਸੋਮਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੁਆਰਾ ਕਥਿਤ ਪੰਚਾਇਤੀ ਜ਼ਮੀਨ ਹੜੱਪਣ ਨੂੰ ਲੈ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ।
ਇੱਕ ਟਵੀਟ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਸਵਾਲ ਕੀਤੇ ਹਨ। ਉਨ੍ਹਾਂ ਲਿਖਿਆ, "ਭਗਵੰਤ ਮਾਨ ਸਾਹਬ ਇਸ 'ਤੇ ਕਿਰਪਾ ਕਰਕੇ ਇੱਕ ਨਜ਼ਰ ਮਾਰੋ, ਕੀ ਤੁਹਾਡੀ ਕਬਜੇ ਵਿਰੋਧੀ ਮੁਹਿੰਮ ਸਿਰਫ ਆਮ ਲੋਕਾਂ ਲਈ ਹੈ ਜਾਂ ਤੁਹਾਡੇ ਸਿਆਸੀ ਵਿਰੋਧੀਆਂ ਲਈ? ਉਮੀਦ ਹੈ ਕਿ ਮੰਤਰੀ ਧਾਲੀਵਾਲ ਸਾਹਬ ਇੱਥੇ ਵੀ ਇਹੀ ਮਾਪਦੰਡ ਲਾਗੂ ਕਰਨਗੇ।"