73ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਨੇ ਲਹਿਰਾਇਆ ਰਾਸ਼ਟਰੀ ਤਿਰੰਗਾ

By  Pardeep Singh January 26th 2022 05:18 PM

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੁਆਬੇ ਨੂੰ ਸ਼ਹੀਦਾਂ ਦੀ ਧਰਤੀ ਦੱਸਦਿਆਂ ਬੁੱਧਵਾਰ ਨੂੰ ਕਿਹਾ ਕਿ ਇਹ ਇਲਾਕਾ ਗ਼ਦਰ ਅਤੇ ਬੱਬਰ ਲਹਿਰਾਂ ਦਾ ਕੇਂਦਰ ਰਿਹਾ ਹੈ, ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਦਾ ਮੁੱਢ ਬੰਨ੍ਹਿਆ ਸੀ। 73ਵੇਂ ਗਣਤੰਤਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਰਾਸ਼ਟਰੀ ਤਿਰੰਗਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਸੁਤੰਤਰਤਾ ਅੰਦੋਲਨ ਦੌਰਾਨ ਅਣਗਿਣਤ ਕੁਰਬਾਨੀਆਂ ਦੇਣ ਵਾਲੇ ਯੋਧੇ ਜਿਵੇਂ ਬਾਬਾ ਮਹਾਰਾਜ ਸਿੰਘ, ਬਾਬਾ ਰਾਮ ਸਿੰਘ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਬਹੁਤ ਸਾਰੇ ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਚੰਨੀ ਨੇ ਕਿਹਾ ਹੈ ਕਿ ਇਨ੍ਹਾਂ ਆਜ਼ਾਦੀ ਘੁਲਾਟੀਆਂ ਨੇ ਅਨਪੜ੍ਹਤਾ, ਬੇਰੁਜ਼ਗਾਰੀ, ਸਮਾਜਿਕ, ਆਰਥਿਕ ਅਤੇ ਕਾਨੂੰਨੀ ਅਸਮਾਨਤਾਵਾਂ ਤੋਂ ਮੁਕਤ ਭਾਰਤ ਦੀ ਕਲਪਨਾ ਕੀਤੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਜਲੰਧਰ ਦੀ ਪਵਿੱਤਰ ਧਰਤੀ ਤੋਂ ਦੇਸ਼ ਭਗਤੀ ਦੇ ਜਜ਼ਬੇ ਨਾਲ ਰੰਗੇ ਇਨ੍ਹਾਂ ਮਹਾਨ ਸਪੂਤਾਂ ਨੂੰ ਸ਼ਰਧਾ ਅਤੇ ਸੁਹਿਰਦਤਾ ਨਾਲ ਸਿਰ ਝੁਕਾਉਂਦਾ ਹਾਂ। ਉਨ੍ਹਾਂ ਇਹ ਵੀ ਚਿਤਾਰਿਆ ਕਿ ਵਿਦੇਸ਼ੀ ਸਾਮਰਾਜ ਦੇ ਜੂਲੇ ਨੂੰ ਲਾਹੁਣ ਵਿੱਚ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਮੁੱਖ ਮੰਤਰੀ ਨੇ ਅਜ਼ਾਦੀ ਤੋਂ ਬਾਅਦ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਪੰਜਾਬੀਆਂ ਖਾਸ ਕਰਕੇ ਮਿਹਨਤਕਸ਼ ਤੇ ਸਿਰੜੀ ਕਿਸਾਨਾਂ ਵੱਲੋਂ ਨਿਭਾਈ ਜਾ ਰਹੀ ਵੱਡਮੁੱਲੀ ਸੇਵਾ ਦਾ ਵੀ ਜ਼ਿਕਰ ਕੀਤਾ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਡੇ ਦੇਸ਼ ਨੂੰ ਅੱਗੇ ਵਧਾਉਣ ਤੇ ਆਤਮ ਨਿਰਭਰ ਬਣਾਉਣ ਵਿੱਚ ਪੰਜਾਬ ਨੇ ਰਾਸ਼ਟਰੀ ਅੰਨ ਭੰਡਾਰ ਵਿੱਚ 60 ਫੀਸਦੀ ਤੋਂ ਵੱਧ ਦਾ ਯੋਗਦਾਨ ਪਾ ਕੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਵਰਗੇ ਬਹੁ-ਸਭਿਆਚਾਰਕ ਤੇ ਵਿਭਿੰਨਤਾ ਭਰਪੂਰ ਦੇਸ਼ ਲਈ ਸੰਵਿਧਾਨ ਘੜਨਾ ਬਹੁਤ ਵੱਡਾ ਤੇ ਗੁੰਝਲਦਾਰ ਕਾਰਜ ਸੀ ਪਰ ਬਾਬਾ ਸਾਹਿਬ ਦੀਆਂ ਅਣਥੱਕ ਕੋਸ਼ਿਸ਼ਾਂ ਨੇ ਇਸ ਵਿਸ਼ਾਲ ਕੰਮ ਨੂੰ ਬੜੀ ਅਡੋਲਤਾ ਨਾਲ ਨੇਪਰੇ ਚੜ੍ਹਾਇਆ। ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ ਜੋ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜੇਂਦਰ ਪ੍ਰਸਾਦ ਨੂੰ ਸੌਂਪਿਆ ਗਿਆ ਅਤੇ ਇਸ ਤਰ੍ਹਾਂ 26 ਜਨਵਰੀ 1950 ਨੂੰ ਦੇਸ਼ ਦੇ ਗਣਤੰਤਰ ਬਣਨ ਦਾ ਰਾਹ ਪੱਧਰਾ ਹੋ ਗਿਆ। ਲੋਕਾਂ ਨੂੰ ਦੇਸ਼ ਦੇ ਵਿਕਾਸ ਦੇ ਨਿਰਵਿਘਨ ਸਫ਼ਰ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬੇ ਵਿੱਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਹਰ ਕੀਮਤ `ਤੇ ਬਰਕਰਾਰ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਮਾਰਚ ਪਾਸਟ ਦੀ ਅਗਵਾਈ ਆਈ.ਪੀ.ਐਸ. ਜਸਰੂਪ ਕੌਰ ਬਾਠ, ਡੀ.ਐਸ.ਪੀ. ਸਤਬੀਰ ਸਿੰਘ ਨੇ ਕੀਤੀ ਅਤੇ ਇਸ ਵਿੱਚ ਇੰਡੋ ਤਿੱਬਤੀਅਨ ਬਾਰਡਰ ਪੁਲਿਸ , ਕਮਿਸ਼ਨਰੇਟ ਪੁਲਿਸ, ਪੀ.ਆਰ.ਟੀ.ਸੀ. ਅਤੇ ਕਮਿਸ਼ਨਰੇਟ ਪੁਲਿਸ ਦੇ ਹੋਮ ਗਾਰਡ ਵਿੰਗ ਦੇ ਦਸਤਿਆਂ ਨੇ ਭਾਗ ਲਿਆ। ਮੁੱਖ ਮੰਤਰੀ ਨੇ ਸਮਾਜ ਦੇ ਹਿੱਤਾਂ ਲਈ ਨਿਰਸਵਾਰਥ ਸੇਵਾਵਾਂ ਨਿਭਾਉਣ ਵਾਲੇ ਵੱਖ-ਵੱਖ ਖੇਤਰਾਂ ਦੇ 135 ਵਿਅਕਤੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਮਾਰਚ ਪਾਸਟ ਕਰਨ ਵਾਲੇ ਦਸਤੇ ਦੇ ਮੈਂਬਰਾਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ, ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਰਜਿੰਦਰ ਬੇਰੀ ਅਤੇ ਅਵਤਾਰ ਸਿੰਘ ਬਾਵਾ ਹੈਨਰੀ, ਡਿਪਟੀ ਕਮਿਸ਼ਨਰ ਘਣਸਿ਼ਆਮ ਥੋਰੀ, ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਹਾਜ਼ਰ ਸਨ। ਇਹ ਵੀ ਪੜ੍ਹੋ:ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ -PTC News

Related Post