ਚੰਡੀਗੜ੍ਹ : ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੀ ਕੰਧ ਨੇੜੇ ਟਿਫ਼ਨ ਬੰਬ ਮਿਲਣ ਦੀ ਘਟਨਾ ਦੀ ਜਾਂਚ ਕੌਮੀ ਜਾਂਚ ਏਜੰਸੀ ਕਰੇਗੀ। ਚੰਡੀਗੜ੍ਹ ਪੁਲਿਸ ਪਿਛਲੇ ਡੇਢ ਮਹੀਨੇ ਤੋਂ ਇਸ ਘਟਨਾ ਨੂੰ ਅੰਜਾਮ ਦੇਣ ਦੇ ਬਾਵਜੂਦ ਵੀ ਕੋਈ ਗ੍ਰਿਫਤਾਰੀ ਜਾਂ ਵੱਡੀ ਨਹੀਂ ਕਰ ਸਕੀ ਸੀ ਪਰ ਹੁਣ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਇਸ ਮਾਮਲੇ ਦੀ ਜਾਂਚ ਕਰੇਗੀ। ਐਨਆਈਏ ਨੇ ਇਸ ਮਾਮਲੇ ਵਿੱਚ ਇੱਕ ਤਾਜ਼ਾ ਐਫਆਈਆਰ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਵਿੱਚ ਸੈਕਟਰ-45 ਸਥਿਤ ਬੁੜੈਲ ਜੇਲ੍ਹ ਦੀ ਕੰਧ ਦੇ ਪਿੱਛੇ ਇੱਕ ਟਿਫ਼ਨ ਬੰਬ ਮਿਲਿਆ ਸੀ। ਇਸ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਸੀ। ਮੌਕੇ ਉਤੇ ਫੌਜ ਨੂੰ ਬੁਲਾਇਆ ਗਿਆ ਸੀ। ਫਾਇਰ ਵਿਭਾਗ, ਆਪਰੇਸ਼ਨ ਸੈੱਲ ਅਤੇ ਮੁਹਾਲੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਸੀ। ਐਸਐਸਪੀ ਮੁਹਾਲੀ ਵੀ ਮੌਕੇ ਉਤੇ ਪਹੁੰਚ ਗਏ ਸਨ। ਬੁੜੈਲ ਜੇਲ੍ਹ ਵਿੱਚ ਕਈ ਨਾਮੀ ਗੈਂਗਸਟਰ ਤੇ ਅੱਤਵਾਦੀ ਵੀ ਬੰਦ ਸਨ। ਆਪਰੇਸ਼ਨ ਸੈੱਲ ਦੀ ਟੀਮ ਸੁਰੱਖਿਆ ਦੇ ਮੱਦੇਨਜ਼ਰ ਇੱਥੇ ਚੈਕਿੰਗ ਕਰ ਰਹੀ ਸੀ, ਇਸ ਦੌਰਾਨ ਪੁਲਿਸ ਨੂੰ ਇੱਥੇ ਟਿਫ਼ਨ ਬੰਬ ਮਿਲਿਆ ਸੀ। ਐਸਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਪਿੱਛੇ ਸ਼ੱਕੀ ਗਤੀਵਿਧੀ ਦੇਖੀ ਗਈ ਸੀ ਤੇ ਜਿਵੇਂ ਹੀ ਅਸੀਂ ਮੌਕੇ 'ਤੇ ਪਹੁੰਚੇ ਤਾਂ ਕੁਝ ਇਤਰਾਜ਼ਯੋਗ ਸਮੱਗਰੀ ਮਿਲੀ ਸੀ। ਜਦੋਂ ਅਸੀਂ ਬੰਬ ਨਿਰੋਧਕ ਟੀਮ ਨੂੰ ਬੁਲਾਇਆ ਤਾਂ ਸਾਨੂੰ ਪਤਾ ਲੱਗਾ ਸੀ ਕਿ ਇਹ ਸੜੀ ਹੋਈ ਕੋਡੈਕਸ ਤਾਰ ਅਤੇ ਡੈਟੋਨੇਟਰ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਪ੍ਰਕਿਰਿਆ ਮੁਕੰਮਲ ਨਾ ਹੁੰਦੀ ਵੇਖ ਕੇ ਇਸ ਮਾਮਲੇ ਦੀ ਜਾਂ ਐਨਆਈਏ ਹਵਾਲੇ ਕਰ ਦਿੱਤੀ ਗਈ। ਐਨਆਈਏ ਨੇ ਇਸ ਮਾਮਲੇ ਵਿੱਚ ਤਾਜ਼ਾ ਐਫਆਈਆਰ ਦਰਜ ਕੀਤੀ ਗਈ ਅਤੇ ਜਾਂਚ ਏਜੰਸੀ ਜਲਦ ਹੀ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦੇਵੇਗੀ। ਇਹ ਵੀ ਪੜ੍ਹੋ : ਮਾਲ ਵਿਭਾਗ 'ਚ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ