Amritsar News : ਪੁਲਿਸ ਹਿਰਾਸਤ 'ਚ ਨੌਜਵਾਨ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ, ਪੁਲਿਸ 'ਤੇ ਚੁੱਕੇ ਸਵਾਲ

ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਅਸੀਂ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ, ਜਿਸ ਦੇ ਚਲਦੇ ਇੱਕ ਨੌਜਵਾਨ ਮਨਜੀਤ ਸਿੰਘ ਨੇ ਪੁਲਿਸ ਕਸਟਡੀ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ।

By  KRISHAN KUMAR SHARMA December 12th 2024 05:44 PM -- Updated: December 12th 2024 05:51 PM

ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਦੇ ਅਧੀਨ ਆਉਂਦੀ ਪੁਲਿਸ ਚੌਕੀ ਵੱਲੋਂ ਦੋ ਨੌਜਵਾਨਾਂ ਨੂੰ ਮੁੱਖਬਰ ਦੀ ਸੂਚਨਾ ਦੇ ਅਧਾਰ 'ਤੇ ਕਾਬੂ ਕੀਤਾ ਗਿਆ ਸੀ, ਜਿਸ ਵਿੱਚੋਂ ਇੱਕ ਨੌਜਵਾਨ ਦੀ ਗੋਲੀ ਵੱਜਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਹੀ ਖੁਦ ਨੂੰ ਗੋਲੀ ਮਾਰੀ ਹੈ, ਜਿਸ ਪਿੱਛੋਂ ਘਟਨਾ ਦਾ ਪਤਾ ਲੱਗਦੇ ਹੀ ਪੀੜਿਤ ਪਰਿਵਾਰ ਨੇ ਥਾਣਾ ਘਰਿੰਡਾ ਦਾ ਘਿਰਾਓ ਕਰਨ ਲਈ ਪਹੁੰਚ ਗਏ।

ਇਸ ਮੌਕੇ ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ, ਜਿਸ ਦੇ ਚਲਦੇ ਇੱਕ ਨੌਜਵਾਨ ਮਨਜੀਤ ਸਿੰਘ ਨੇ ਪੁਲਿਸ ਕਸਟਡੀ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ। ਉਹਨਾਂ ਨੇ ਦੱਸਿਆ ਕਿ ਜਿਸ ਪਿਸਤੌਲ ਦੇ ਨਾਲ ਉਸਨੇ ਗੋਲੀ ਮਾਰੀ ਹੈ, ਉਸ ਦਾ ਲਾਇਸੈਂਸੀ ਪਿਸਤੌਲ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਸਾਰੇ ਤੱਥ ਸਾਹਮਣੇ ਆਉਣਗੇ।

ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਲੜਕਾ ਮਨਜੀਤ ਸਿੰਘ, ਜੋ ਕਿ ਸ਼ਾਦੀਸ਼ੁਦਾ ਹੈ ਅਤੇ ਪਿੰਡ ਖਾਸਾ ਵਿਖੇ ਹੈਲਥ ਕਲੱਬ ਚਲਾਉਂਦਾ ਸੀ। ਉਹਨਾਂ ਕਿਹਾ ਕਿ ਉਹਨੂੰ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਦਾ ਸੀ ਅਤੇ ਸਿੱਖੀ ਲਈ ਪ੍ਰੇਰਿਤ ਵੀ ਕਰਦਾ ਸੀ। ਉਹਨਾਂ ਕਿਹਾ ਕਿ ਸਾਡਾ ਲੜਕਾ ਅਜਿਹਾ ਕੋਈ ਕੰਮ ਨਹੀਂ ਸੀ ਕਰਦਾ, ਜੋ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋਵੇ।

ਉਹਨਾਂ ਕਿਹਾ ਕਿ ਨਾ ਹੀ ਸਾਡਾ ਲੜਕਾ ਬੁਝਦਿਲ ਸੀ, ਜੋ ਆਪਣੇ-ਆਪ ਨੂੰ ਗੋਲੀ ਮਾਰ ਲਵੇ। ਉਹਨਾਂ ਕਿਹਾ ਕਿ ਇਹ ਸਾਰੀ ਪੁਲਿਸ ਵੱਲੋਂ ਸਾਜਿਸ਼ ਰਚੀ ਜਾ ਰਹੀ ਹੈ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ, ਚੌਂਕੀ ਖਾਸਾ ਦੇ ਉਨਾਂ ਅਧਿਕਾਰੀਆਂ ਨੂੰ, ਜਿਨਾਂ ਨੇ ਮਨਜੀਤ ਸਿੰਘ ਨੂੰ ਆਪਣੀ ਕਸਟਡੀ ਵਿੱਚ ਲਿਆ ਸੀ, ਨੂੰ ਸਸਪੈਂਡ ਕਰ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ। 

ਪੁਲਿਸ ਨੇ ਸਵੇਰੇ ਹਿਰਾਸਤ 'ਚ ਲਿਆ ਸੀ ਨੌਜਵਾਨ

ਜਾਣਕਾਰੀ ਅਨੁਸਾਰ ਚੌਂਕੀ ਖਾਸਾ ਦੇ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਵੱਲੋਂ ਉਸ ਨੂੰ ਸਵੇਰ ਦਾ ਕਾਬੂ ਕੀਤਾ ਹੋਇਆ ਸੀ ਤੇ ਦੇਰ ਸ਼ਾਮ ਉਸ ਵੱਲੋਂ ਆਪਣੇ-ਆਪ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ। ਇਸ ਮੌਕੇ ਸਾਰੇ ਦਿਹਾਤੀ ਥਾਣਿਆਂ ਦੀ ਪੁਲਿਸ ਥਾਣਾ ਘਰਿੰਡਾ ਵਿੱਚ ਇਕੱਠੀ ਹੋਈ ਪਈ ਸੀ।

Related Post