ਨਸ਼ੇ ਦੇ ਦੈਂਤ ਤੋਂ ਕਦੋਂ ਆਜ਼ਾਦ ਹੋਵੇਗਾ ਪੰਜਾਬ !, ਨਸ਼ੇ ਦੀ ਭੇਂਟ ਚੜ੍ਹੇ ਮਾਂ ਦੇ ਦੋਵੇਂ ਪੁੱਤ, ਘਰ ’ਚ ਖੜ੍ਹੇ ਰਹਿ ਗਏ ਕੰਬਾਈਨ ਅਤੇ ਟਰੈਕਟਰ
ਮਾਪਿਆਂ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਖੇਤੀ ਲਈ ਖੜੇ ਕੰਬਾਈਨ ਅਤੇ ਟਰੈਕਟਰ ਹੁਣ ਨਹੀਂ ਚੱਲ ਸਕਣਗੇ ਕਿਉਂਕਿ ਉਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਨਸ਼ੇ ਦੇ ਦੈਂਤ ਨੇ ਖਾ ਲਏ ਹਨ।
Youth Died Drugs Overdose : ਇੱਕ ਪਾਸੇ ਜਿੱਥੇ ਭਾਰਤ ਆਪਣੇ ਆਜ਼ਾਦੀ ਦਿਵਸ ਨੂੰ ਪੂਰੇ ਉਤਸ਼ਾਹ ਅਤੇ ਮਾਣ ਨਾਲ ਮਨਾਉਣ ਦੀ ਤਿਆਰੀ ਕਰ ਰਿਹਾ ਹੈ, ਪੰਜਾਬ ਦੇ ਜਲੰਧਰ ਦੇ ਮਹਿਤਪੁਰ ਦਾ ਪਿੰਡ ਬੰਗੀਵਾਲ ਖੁਰਦ ਸੋਗ ਵਿੱਚ ਡੁੱਬਿਆ ਹੋਇਆ ਹੈ। ਕਿਉਂਕਿ ਪੰਜਾਬ ਦਾ ਇਹ ਪਿੰਡ ਨਸ਼ੇ ਤੋਂ ਆਜ਼ਾਦ ਨਹੀਂ ਹੋਇਆ ਹੈ ਸਗੋਂ ਇਸ ਕਾਰਨ ਪੂਰਾ ਪਿੰਡ ਤਬਾਹ ਹੋ ਰਿਹਾ ਹੈ। ਦੱਸ ਦਈਏ ਕਿ ਇਸ ਪਿੰਡ ਨਸ਼ੇ ਨੇ ਇੱਕ ਹੋਰ ਜ਼ਿੰਦਗੀ ਲੈ ਲਈ ਹੈ, ਇੱਕ ਵਾਰ ਫੇਰ ਤੋਂ ਨਸ਼ੇ ਨੇ ਖੁਸ਼ਹਾਲ ਘਰ ਨੂੰ ਤਬਾਹ ਕਰ ਦਿੱਤਾ ਹੈ।
ਦੱਸ ਦਈਏ ਕਿ ਮਹਿਤਪੁਰ ਦੇ ਪਿੰਡ ਬੰਗੀਵਾਲ ਖੁਰਦ ’ਚ ਇੱਕ ਪਰਿਵਾਰ ਦੇ ਦੂਜੇ ਪੁੱਤ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਨਸ਼ੇ ਦੇ ਦੈਂਤ ਨੇ ਇੱਕ ਹੋਰ ਘਰ ’ਚ ਸਥਰ ਵਿਛਾ ਦਿੱਤੇ ਹਨ। ਦੋ ਸਾਲਾਂ ’ਚ ਆਪਣੇ ਦੋ ਪੁੱਤਾਂ ਨੂੰ ਖੋਹ ਚੁੱਕੀ ਮਾਂ ਦੀਆਂ ਅੱਖਾਂ ਤੋਂ ਹੰਝੂ ਨਹੀਂ ਰੁਕ ਰਹੇ ਹਨ।
ਮਾਪਿਆਂ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਖੇਤੀ ਲਈ ਖੜੇ ਕੰਬਾਈਨ ਅਤੇ ਟਰੈਕਟਰ ਹੁਣ ਨਹੀਂ ਚੱਲ ਸਕਣਗੇ ਕਿਉਂਕਿ ਉਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਨਸ਼ੇ ਦੇ ਦੈਂਤ ਨੇ ਖਾ ਲਏ ਹਨ।
ਮ੍ਰਿਤਕ ਪੁੱਤਰਾਂ ਦੇ ਪਿਤਾ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਮੇਰੇ ਮੁੰਡਿਆਂ ਦੀ ਮੌਤ ਮਾੜੇ ਸਿਸਟਮ ਅਤੇ ਨਸ਼ੇ ਦੀ ਖੁੱਲੀ ਵਿਕਰੀ ਕਰਕੇ ਹੋਈ ਹੈ। ਸਾਡੇ ਘਰ ਦਾ ਸਾਰਾ ਕੁਝ ਵਿਕ ਗਿਆ ਮੁੰਡਾ ਦੁਬਾਰਾ ਲੀਹ ’ਤੇ ਆਉਣ ਹੀ ਲੱਗਾ ਸੀ ਪਰ ਪਿੰਡ ਦੇ ਆਲੇ ਦੁਆਲੇ ਨਸ਼ਾ ਇੰਨਾ ਕੁ ਵਿਕਦਾ ਹੈ ਜਿਸ ਦਾ ਕੋਈ ਅੰਤ ਨਹੀਂ। ਪਿਤਾ ਦਲਬੀਰ ਦਾ ਕਹਿਣਾ ਹੈ ਕਿ ਟੀਕੇ ਭਰ ਕੇ ਪਿੰਡ ਦੇ ਆਲੇ ਦੁਆਲੇ ਜਨਾਨੀਆਂ ਨਸ਼ਾ ਵੇਚ ਰਹੀਆਂ ਹਨ।
ਇਸ ਮਾਮਲੇ ਸਬੰਧੀ ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਨਾਲ ਲੈ ਕੇ ਗਏ ਸਟਿੰਗ ਆਪਰੇਸ਼ਨ ਵੀ ਕੀਤਾ ਤਸਕਰ ਸਾਹਮਣੇ ਖੜੇ ਸਨ ਤੇ ਪੁਲਿਸ ਨੇ ਕਹਿ ਤਾ ਇਹ ਸਾਡਾ ਏਰੀਆ ਨਹੀਂ ਅਸੀਂ ਨਹੀਂ ਪਰਚਾ ਦਰਜ ਕਰ ਸਕਦੇ ਹੈ।
ਉੱਥੇ ਹੀ ਜਦੋਂ ਇਸ ਮਾਮਲੇ ਨੂੰ ਲੈ ਕੇ ਜਦੋਂ ਜਲੰਧਰ ਦੇ ਐਸਐਸਪੀ ਹਰਕਵਲਪ੍ਰੀਤ ਸਿੰਘ ਖੱਖ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤਿੰਨ ਵਾਰ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਫੋਨ ਨਹੀਂ ਚੁੱਕਿਆ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਪ੍ਰੈਸ ਨੋਟ ਵਿੱਚ ਇਹ ਗੱਲ ਆਖੀ ਗਈ ਹੈ ਕਿ 29 ਸਾਲਾ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਮਹਿਤਪੁਰ ਵਿੱਚ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਜਸਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੀਟਲਾ ਥਾਣਾ ਮੈਥਪੁਰ ਤੇ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਕਿਹਾ ਕਿ ਇਸ ਮਾਮਲੇ ’ਚ 29 ਸਾਲ ਦੇ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਹੈ ਜਿਸ ਦੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਇਲਾਵਾ ਸਵਾਲ ਬਹੁਤ ਹਨ ਕਿਸ ਤਰੀਕੇ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਨਸ਼ਾ ਵਿਕ ਰਿਹਾ ਹੈ ਫਿਰ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਜਿਸ ਤਰੀਕੇ ਨਾਲ ਪਿੰਡ ਵਾਸੀਆਂ ਨੇ ਆਰੋਪ ਲਗਾਏ ਹਨ ਪੁਲਿਸ ਨੇ ਉਹ ਸਾਰੇ ਮਾਮਲਿਆਂ ਨੂੰ ਲੈ ਕੇ ਚੁੱਪੀ ਸੱਦੀ ਹੋਈ ਹੈ।
ਇਹ ਵੀ ਪੜ੍ਹੋ: Heatwave Effect on horticulture : ਅੱਤ ਦੀ ਗਰਮੀ ਨੇ ਬਾਗਬਾਨੀ ’ਤੇ ਪਾਇਆ ਮਾੜਾ ਅਸਰ, ਖਾਣ ਨੂੰ ਨਹੀਂ ਮਿਲਣਗੇ ਅਮਰੂਦ !