ਗੁਰਦਾਸਪੁਰ: ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਦੇ ਛੋਟੇ ਭਰਾ ਨੂੰ ਘਰ ਵਿੱਚ ਵੜ ਕੇ ਮਾਰੀ ਗੋਲੀ

By  Jasmeet Singh September 19th 2023 02:06 PM

ਗੁਰਦਾਸਪੁਰ: ਮੋਗਾ 'ਚ ਕਾਂਗਰਸੀ ਆਗੂ ਦੇ ਘਰ 'ਚ ਦਾਖਲ ਹੋ ਕੇ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਨੂੰ ਅਜੇ 24 ਘੰਟੇ ਵੀ ਨਹੀਂ ਬੀਤੇ ਕਿ ਅਜਿਹੀ ਹੀ ਇੱਕ ਹੋਰ ਘਟਨਾ ਗੁਰਦਾਸਪੁਰ ਤੋਂ ਵੀ ਸਾਹਮਣੇ ਆਈ ਹੈ।

 ਇਹ ਵੀ ਪੜ੍ਹੋ: ਮੋਗਾ 'ਚ ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਸਰਹੱਦੀ ਕਸਬਾ ਕਲਾਨੌਰ ਵਿਖੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਦੇ ਭਰਾ ਹਰਪ੍ਰੀਤ ਸਿੰਘ ਕਾਹਲੋਂ 'ਤੇ ਮੋਟਰਸਾਈਕਲ ਸਵਾਰ 3 ਅਣਪਛਾਤੇ ਨੌਜਵਾਨਾਂ ਨੇ ਘਰ 'ਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਜਿੱਥੇ ਇੱਕ ਗੋਲੀ ਹਰਪ੍ਰੀਤ ਦੇ ਪੱਟ 'ਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ, ਹੁਣ ਹਰਪ੍ਰੀਤ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

ਪੁਲਿਸ ਨੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਹਰਪ੍ਰੀਤ ਸਿੰਘ ਅਤੇ ਉਸ ਦੇ ਭਰਾ ਹਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਭਰਾ ਕਲਾਨੌਰ ਦੇ ਬਾਹਰ ਆਪਣੇ ਘਰ 'ਚ ਬੈਠਾ ਮੋਬਾਈਲ ਫੋਨ ਚਲਾ ਰਿਹਾ ਸੀ ਕਿ ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਤਿੰਨ ਲੜਕੇ ਆਏ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ 'ਚੋਂ ਇੱਕ ਮੁੰਡਾ ਘਰ ਅੰਦਰ ਵੜਿਆ ਅਤੇ ਕਹਿਣ ਲੱਗਾ, "ਗਿਆਨ ਸਾਗਰ ਕਾਲਜ ਤੁਹਾਡਾ ਹੈ? ਮੈਂ ਉੱਥੇ ਅਹਾਤਾ ਖੋਲ੍ਹਣਾ ਚਾਹੁੰਦਾ ਸੀ। ਜਦੋਂ ਮੈਂ ਅਹਾਤਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਤਾਂ ਇੱਕ ਹੋਰ ਨੌਜਵਾਨ ਅੰਦਰ ਵੜ ਆਇਆ ਅਤੇ ਉਸਨੇ ਗੋਲੀ ਚਲਾ ਦਿੱਤੀ।"

ਇਹ ਗੋਲੀ ਸਿੱਧਾ ਹਰਪ੍ਰੀਤ ਦੇ ਪੱਟ ਵਿਚ ਵੱਜੀ ਅਤੇ ਦੋਵੇਂ ਮੁਲਜ਼ਮ ਉਥੋਂ ਫਰਾਰ ਹੋ ਗਏ। ਹਰਪ੍ਰੀਤ ਦੇ ਰੌਲਾ ਪਾਉਣ ਮਗਰੋਂ ਉਸਦੀ ਪਤਨੀ ਅੰਦਰੋਂ ਬਾਹਰ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਤੀ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੇ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਅਤੇ ਹਰਪ੍ਰੀਤ ਨੂੰ ਸਥਾਨਿਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖਲ ਕਰਵਾਇਆ।

ਜਿਸ ਤੋਂ ਬਾਅਦ ਹਰਪ੍ਰੀਤ ਨੂੰ ਮੁੱਢਲੀ ਸਹਾਇਤ ਦੇਣ ਮਗਰੋਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੋਂ ਜ਼ਖ਼ਮੀ ਨੂੰ ਗੁਰਦਾਸਪੁਰ ਰੈਫ਼ਰ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।


ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਲਾਨੌਰ ਦੇ ਐਸ.ਐਚ.ਓ ਮੇਜਰ ਸਿੰਘ ਨੇ ਕਿਹਾ, "ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੈਂ ਮੌਕੇ 'ਤੇ ਪਹੁੰਚਿਆਂ ਹਾਂ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਦੇ ਬਿਆਨ ਦਰਜ ਕਰ ਕੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਟਰੇਸ ਕਰਨ ਲਈ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਅਨਸਰਾਂ ਨੂੰ ਕਾਬੂ ਕਰ ਲਿਆ ਜਾਵੇਗਾ।"

Related Post