Khanna News: ਖੰਨਾ 'ਚ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ

ਖੰਨਾ 'ਚ ਸ਼ੁੱਕਰਵਾਰ ਰਾਤ ਕਰੀਬ 11.45 ਵਜੇ ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ।

By  Amritpal Singh June 29th 2024 10:27 AM

Punjab News: ਖੰਨਾ 'ਚ ਸ਼ੁੱਕਰਵਾਰ ਰਾਤ ਕਰੀਬ 11.45 ਵਜੇ ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਦੋਵੇਂ ਰੇਲਵੇ ਲਾਈਨ ਪਾਰ ਕਰਕੇ ਗੋਲਗੱਪਾ ਖਾਣ ਜਾ ਰਹੇ ਸਨ।

ਇਹ ਹਾਦਸਾ ਲਲਹੇੜੀ ਰੋਡ ਰੇਲਵੇ ਫਲਾਈਓਵਰ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ 24 ਸਾਲਾ ਕਰਨ ਵਾਸੀ ਨੰਦੀ ਕਲੋਨੀ ਖੰਨਾ ਵਜੋਂ ਹੋਈ ਹੈ, ਜਦਕਿ ਗੰਭੀਰ ਜ਼ਖ਼ਮੀ ਮਾਂ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਸਿਵਲ ਹਸਪਤਾਲ ਦੀ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਗੰਭੀਰ ਜ਼ਖ਼ਮੀ ਔਰਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉੱਚ ਕੇਂਦਰ ’ਚ ਰੈਫ਼ਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਬੀਤੀ ਰਾਤ ਉਹ ਆਪਣੇ ਬੇਟੇ ਨਾਲ ਆਪਣੇ ਖੂਨ ਦਾ ਨਮੂਨਾ ਲੈਣ ਲਈ ਇਕ ਨਿੱਜੀ ਹਸਪਤਾਲ ਆਈ ਸੀ। ਜਦੋਂ ਹਸਪਤਾਲ ਦੇ ਸਟਾਫ਼ ਨੇ ਸੈਂਪਲ ਦੀ ਰਿਪੋਰਟ ਕੁਝ ਸਮੇਂ ਵਿੱਚ ਦੇਣ ਲਈ ਕਿਹਾ ਤਾਂ ਮਾਂ-ਪੁੱਤ ਨੇੜਲੀ ਰੇਲਵੇ ਲਾਈਨ ਪਾਰ ਕਰਕੇ ਗੋਲਗੱਪਾ ਖਾਣ ਲਈ ਨਿਕਲ ਗਏ। ਮਾਂ-ਪੁੱਤ ਜਿਵੇਂ ਹੀ ਰੇਲਵੇ ਲਾਈਨ ਪਾਰ ਕਰਨ ਲੱਗੇ ਤਾਂ ਦੋਵੇਂ ਦਿੱਲੀ ਤੋਂ ਆ ਰਹੀ ਟਰੇਨ ਦੀ ਲਪੇਟ 'ਚ ਆ ਗਏ।

ਰੇਲਗੱਡੀ ਨਾਲ ਟਕਰਾਉਣ ਕਾਰਨ ਮਾਂ-ਪੁੱਤ ਦੋਵੇਂ ਕਾਫੀ ਦੂਰ ਜਾ ਡਿੱਗੇ। ਹਾਦਸੇ 'ਚ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਬੇਟੇ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਔਰਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ। ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਤੱਕ ਕਰਨ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ, ਜਦਕਿ ਕੁਲਵਿੰਦਰ ਕੌਰ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ, ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।

Related Post