ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨੇ ਭਾਜਪਾ ਸਰਕਾਰ 'ਤੇ ਸਿੱਖ ਮਸਲਿਆਂ 'ਚ ਦਖਲ ਦੇਣ ਦੇ ਲਾਏ ਦੋਸ਼

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਸਿੱਖਾਂ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਦੀ ਨਿਖੇਧੀ ਕੀਤੀ ਹੈ।

By  Amritpal Singh September 9th 2024 07:43 PM

ਚੰਡੀਗੜ੍ਹ- ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਸਿੱਖਾਂ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਦੀ ਨਿਖੇਧੀ ਕੀਤੀ ਹੈ।

ਇੱਥੇ ਜਾਰੀ ਇੱਕ ਵੀਡੀਓ ਵਿੱਚ ਯੂਥ ਅਕਾਲੀ ਦਲ ਪ੍ਰਧਾਨ ਨੇ ਭਾਜਪਾ ਦੇ ਪ੍ਰਧਾਨ ਜੇ.ਪੀ.ਨੱਡਾ ਦੇ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਘਟਨਾ ਨੂੰ ਉਭਾਰਿਆ, ਜਿੱਥੇ ਭਾਜਪਾ ਆਗੂ ਨੂੰ ਖੁਸ਼ ਕਰਨ ਲਈ ਪ੍ਰਬੰਧਕ ਕਮੇਟੀ ਪਾਵਨ ਅਸਥਾਨ ਦੀ ਮਰਯਾਦਾ ਨੂੰ ਹੀ ਭੁੱਲ ਗਈ ਅਤੇ ਕੀਰਤਨ ਕਰ ਰਹੇ ਰਾਗੀ ਸਿੰਘਾਂ ਨੂੰ ਜ਼ਿਆਦਾ ਉਤਸੁਕ ਪੱਤਰਕਾਰਾਂ ਦੇ ਧੱਕਿਆਂ ਦਾ ਸਾਹਮਣਾ ਕਰਨਾ ਪਿਆ।

ਝਿੰਝਰ ਨੇ ਕਿਹਾ, "ਇਹ ਸਭ ਉਦੋਂ ਹੁੰਦਾ ਹੈ ਜਦੋਂ ਪ੍ਰਬੰਧਕ ਕਮੇਟੀ ਨੂੰ ਸਰਕਾਰ ਵਲੋਂ ਜਾਣਬੁੱਝ ਕੇ ਕਮਜ਼ੋਰ ਕੀਤਾ ਜਾਂਦਾ ਹੈ ਅਤੇ ਕਮੇਟੀ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਅਨੁਸਾਰ ਚੱਲਣ ਦੀ ਬਜਾਏ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਜ਼ਿਆਦਾ ਉਤਸੁਕ ਹੁੰਦੀ ਹੈ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲੇ ਤੱਕ ਸਾਹਮਣੇ ਕਿਉਂ ਨਹੀਂ ਆਈ ਅਤੇ ਇਸ ਘਟਨਾ 'ਤੇ ਕੋਈ ਸਪੱਸ਼ਟੀਕਰਨ ਕਿਉਂ ਨਹੀਂ ਦਿੱਤਾ ਗਿਆ? ਭਾਜਪਾ ਵਾਰ-ਵਾਰ ਸਾਡੇ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਕੇ ਅਤੇ ਸਾਡੇ ਗੁਰਦੁਆਰਿਆਂ 'ਤੇ ਕਬਜ਼ਾ ਕਰਕੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।"

ਉਨ੍ਹਾਂ ਅੱਗੇ ਕਿਹਾ, “ਕੁਝ ਦਿਨ ਪਹਿਲਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ ਜਦੋਂ ਗੁਰਦੁਆਰਾ ਕਮੇਟੀ ਨੇ ਰਵਨੀਤ ਸਿੰਘ ਬਿੱਟੂ ਨੂੰ ਅਤੇ ਉਸ ਦੇ ਦਾਦਾ ਬੇਅੰਤ ਸਿੰਘ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਲੀਨ ਚਿੱਟ ਦੇ ਕੇ ਸਨਮਾਨਿਤ ਕੀਤਾ ਸੀ, ਜਿਨ੍ਹਾਂ ਨੇ ਸਾਡੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ 1990 ਦੇ ਦੌਰ ਵਿੱਚ ਸ਼ਹੀਦ ਕੀਤਾ ਸੀ।"

ਉਹਨਾਂ ਅੱਗੇ ਕਿਹਾ, “ਇਹ ਕੋਈ ਇਕ ਅੱਧੀ ਘਟਨਾ ਨਹੀਂ ਹੈ, ਸਿਰਫ ਪਿਛਲੇ ਕੁਝ ਹਫਤਿਆਂ ਵਿੱਚ ਹੀ ਸਾਡੇ ਕੋਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਪਤਨੀ ਦਾ ਉਦਾਹਰਣ ਹੈ ਜੋਕਿ ਖੁੱਲ੍ਹੇਆਮ ਅਤੇ ਬੇਸ਼ਰਮੀ ਨਾਲ ਨਵੇਂ ਮੈਂਬਰਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਨ ਲਈ ਕੰਮ ਕਰ ਰਹੀ ਹੈ, ਉਸ ਭਾਜਪਾ ਖੀ ਜਿਸਦਾ ਸਿੱਖ ਵਿਰੋਧੀ ਹੋਣ ਦਾ ਸਪੱਸ਼ਟ ਰਿਕਾਰਡ ਹੈ। ਇਸ ਤੋਂ ਇਲਾਵਾ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਨੇ ਸਾਡੇ ਕਿਸਾਨਾਂ 'ਤੇ ਅੱਤਿਆਚਾਰ ਕਰਨ ਵਾਲੇ ਹਰਿਆਣਾ ਪੁਲਿਸ ਨੂੰ ਕਮਰੇ ਦਿੱਤੇ ਹਨ ਜੋਕਿ ਬਾਅਦ ਵਿਚ ਗੁਰਦੁਆਰਾ ਸਾਹਿਬ ਦੀ ਸਰਾਂ ਵਿਚ ਸਿਗਰਟ ਪੀਂਦੇ ਅਤੇ ਸ਼ਰਾਬ ਪੀਂਦੇ ਪਾਏ ਗਏ ਹਨ।"

ਝਿੰਝਰ ਨੇ ਕਿਹਾ, "ਵਾਰ-ਵਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਸਿੱਖ ਕੌਮ ਨੂੰ ਬਹੁਤ ਦੁਖੀ ਕੀਤਾ ਹੈ ਅਤੇ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਇਹ ਅਖੌਤੀ ਸਿੱਖ ਬੁੱਧੀਜੀਵੀ ਇਸ 'ਤੇ ਪੂਰੀ ਤਰ੍ਹਾਂ ਚੁੱਪ ਬੈਠੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਚੁੱਪ ਨਹੀਂ ਬੈਠੇਗਾ ਅਤੇ ਭਾਜਪਾ ਸਰਕਾਰ ਦੇ ਖਿਲਾਫ ਲੜਾਈ ਲੜਦਾ ਰਹੇਗਾ।"

Related Post