WPL 2023: ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਦਾ ਆਗਾਜ਼ ਅੱਜ
Women Premier League 2023 : ਮਹਿਲਾ ਪ੍ਰੀਮੀਅਰ ਲੀਗ (WPL) ਦਾ ਪਹਿਲਾ ਸੀਜ਼ਨ ਅੱਜ (4 ਮਾਰਚ) ਤੋਂ ਧਮਾਕੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਮਹਿਲਾ ਕ੍ਰਿਕਟ ਦਾ ਨਵਾਂ ਦੌਰ ਵੀ ਉਭਰੇਗਾ। ਖਾਸ ਤੌਰ 'ਤੇ ਆਈ.ਪੀ.ਐੱਲ ਦੀ ਤਰ੍ਹਾਂ ਭਾਰਤੀ ਮਹਿਲਾ ਟੀਮ ਨੂੰ ਇਸ ਲੀਗ ਦਾ ਜ਼ਿਆਦਾ ਫਾਇਦਾ ਹੋਣ ਵਾਲਾ ਹੈ। ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ ਗੁਜਰਾਤ ਜੁਆਇੰਟਸ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ।
ਇਹ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਮੁੰਬਈ ਟੀਮ ਦੀ ਅਗਵਾਈ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਕਰੇਗੀ ਜਦਕਿ ਗੁਜਰਾਤ ਦੀ ਕਮਾਨ ਵਿਕਟਕੀਪਰ ਬੇਥ ਮੂਨੀ ਦੇ ਹੱਥਾਂ 'ਚ ਹੈ।
ਟੂਰਨਾਮੈਂਟ ਦੀ ਸ਼ੁਰੂਆਤ ਸ਼ਾਨਦਾਰ ਉਦਘਾਟਨੀ ਸਮਾਰੋਹ (WPL ਓਪਨਿੰਗ ਸੈਰੇਮਨੀ) ਨਾਲ ਹੋਵੇਗੀ। ਜਿੱਥੇ ਬਾਲੀਵੁੱਡ ਦੇ ਵੱਡੇ ਸਿਤਾਰੇ ਲਾਈਵ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ। ਜਿਸ ਵਿਚ ਕ੍ਰਿਤੀ ਸੈਨਨ, ਏਪੀ ਢਿੱਲੋਂ ਅਤੇ ਕਿਆਰਾ ਅਡਵਾਨੀ ਦੇ ਨਾਮ ਸ਼ਾਮਲ ਹਨ। ਖਿਡਾਰੀਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਖਿਡਾਰੀਆਂ ਦੀ ਨਿਲਾਮੀ ਵਿਚ ਪੰਜ ਫਰੈਂਚਾਇਜ਼ੀ ਵੱਲੋਂ ਕੁੱਲ 59.50 ਕਰੋੜ ਰੁਪਏ ਖ਼ਰਚ ਕੀਤੇ ਗਏ, ਜਿਸ ਨਾਲ ਨਾ ਸਿਰਫ਼ ਖਿਡਾਰੀਆਂ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋਵੇਗਾ ਸਗੋਂ ਨੌਜਵਾਨਾਂ ਦਾ ਬਿਹਤਰ ਭਵਿੱਖ ਵੀ ਯਕੀਨੀ ਹੋਵੇਗਾ।
ਇਹ ਵੀ ਪੜ੍ਹੋ : ਮਾਨ ਸਰਕਾਰ ਦੇ ਦਾਅਵਿਆਂ ਦੇ ਖੁੱਲ੍ਹੀ ਪੋਲ; ਪਸ਼ੂਆਂ ਦੇ ਵਾਹਨ 'ਚ ਲੱਦ ਬੱਚੇ ਪਹੁੰਚੇ ਸਕੂਲ
ਖਿਡਾਰੀਆਂ ਦੀ ਨਿਲਾਮੀ ਵਿਚ ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਸਭ ਤੋਂ ਮਹਿੰਗੀ ਰਹੀ। ਮੁੰਬਈ 'ਚ ਹੋਈ ਨਿਲਾਮੀ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਉਸ ਨੂੰ 3.4 ਕਰੋੜ ਰੁਪਏ 'ਚ ਖ਼ਰੀਦਿਆ ਅਤੇ ਉਮੀਦ ਮੁਤਾਬਕ ਉਸ ਨੂੰ ਕਪਤਾਨ ਬਣਾਇਆ।
ਇਸ ਫਰੈਂਚਾਇਜ਼ੀ ਨੇ ਹੁਣ ਤੱਕ ਕੋਈ ਵੀ ਆਈਪੀਐਲ ਖਿਤਾਬ ਨਹੀਂ ਜਿੱਤਿਆ ਹੈ ਪਰ ਪੁਰਸ਼ ਟੀਮ ਦੀ ਤਰ੍ਹਾਂ ਮਹਿਲਾ ਟੀਮ ਨੇ ਵੀ ਕ੍ਰਿਕਟ ਜਗਤ ਦੇ ਵੱਡੇ ਨਾਵਾਂ 'ਤੇ ਭਰੋਸਾ ਕੀਤਾ ਹੈ। ਟੀਮ ਵਿਚ ਸੋਫੀ ਡਿਵਾਈਨ ਅਤੇ ਐਲੀਸ ਪੇਰੀ ਵਰਗੇ ਦਿੱਗਜ ਖਿਡਾਰੀ ਵੀ ਸ਼ਾਮਲ ਹਨ।