Subhadra Yojana : ਔਰਤਾਂ ਨੂੰ ਹਰ ਸਾਲ ਮਿਲਣਗੇ 10 ਹਜ਼ਾਰ ਰੁਪਏ, ਕੀ ਹੈ ਸੁਭਦਰਾ ਯੋਜਨਾ ?
ਸੁਭਦਰਾ ਯੋਜਨਾ ਤਹਿਤ ਉੜੀਸਾ ਸਰਕਾਰ ਹਰ ਸਾਲ ਔਰਤ ਨੂੰ 10 ਹਜ਼ਾਰ ਰੁਪਏ ਦੇਵੇਗੀ। ਮਾਣ ਭੱਤਾ ਇੱਕ ਸਾਲ 'ਚ 5000 ਰੁਪਏ ਦੀਆਂ ਦੋ ਕਿਸ਼ਤਾਂ 'ਚ ਦਿੱਤਾ ਜਾਵੇਗਾ। ਪੜ੍ਹੋ ਪੂਰੀ ਖਬਰ...
Subhadra Yojana : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ ਦੇ ਭੁਵਨੇਸ਼ਵਰ 'ਚ ਸੂਬਾ ਸਰਕਾਰ ਦੀਆਂ ਔਰਤਾਂ ਲਈ ਬਣਾਈ ਗਈ ਸੁਭਦਰਾ ਯੋਜਨਾ ਦੀ ਸ਼ੁਰੂਆਤ ਕਰਨਗੇ। ਇਹ ਯੋਜਨਾ ਰਾਜ ਦੀਆਂ ਔਰਤਾਂ ਨੂੰ ਆਰਥਿਕ ਤੌਰ 'ਤੇ ਸਸ਼ਕਤ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ। ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਸੰਕਲਪ ਪੱਤਰ 'ਚ ਇਸ ਵੱਡੀ ਯੋਜਨਾ ਨੂੰ ਸ਼ਾਮਲ ਕੀਤਾ ਸੀ। ਇਸ ਯੋਜਨਾ ਤਹਿਤ ਰਾਜ ਸਰਕਾਰ ਹਰ ਸਾਲ ਔਰਤ ਨੂੰ 10 ਹਜ਼ਾਰ ਰੁਪਏ ਦੇਵੇਗੀ। ਮਾਣ ਭੱਤਾ ਇੱਕ ਸਾਲ 'ਚ 5000 ਰੁਪਏ ਦੀਆਂ ਦੋ ਕਿਸ਼ਤਾਂ 'ਚ ਦਿੱਤਾ ਜਾਵੇਗਾ। ਪਿਛਲੇ ਮਹੀਨੇ ਹੀ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਇਸ ਯੋਜਨਾ ਦੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP) ਜਾਰੀ ਕੀਤੀ ਸੀ।
ਇਸ ਯੋਜਨਾ ਦੀ ਸਨਮਾਨ ਰਾਸ਼ੀ ਦੀ ਕਿਸ਼ਤ ਰਾਖੀ ਪੂਰਨਿਮਾ ਅਤੇ ਮਹਿਲਾ ਦਿਵਸ ਦੇ ਮੌਕੇ 'ਤੇ ਔਰਤਾਂ ਦੇ ਬੈਂਕ ਖਾਤਿਆਂ 'ਚ ਸਿੱਧੀ ਜਮ੍ਹਾ ਕੀਤੀ ਜਾਵੇਗੀ। ਇਸ ਯੋਜਨਾ ਦਾ ਲਾਭ ਸਿਰਫ ਓਡੀਸ਼ਾ ਦੀਆਂ ਔਰਤਾਂ ਨੂੰ ਮਿਲੇਗਾ। ਇਸ ਯੋਜਨਾ ਤਹਿਤ 21 ਤੋਂ 60 ਸਾਲ ਦੀ ਉਮਰ ਦੀਆਂ 1 ਕਰੋੜ ਤੋਂ ਵੱਧ ਔਰਤਾਂ ਨੂੰ ਹਰ ਸਾਲ 10,000 ਰੁਪਏ ਦਿੱਤੇ ਜਾਣਗੇ। ਇਹ ਸਹਾਇਤਾ ਰਾਸ਼ੀ ਅਗਲੇ ਪੰਜ ਸਾਲਾਂ ਲਈ ਉਪਲਬਧ ਹੋਵੇਗੀ। ਸੁਭਦਰਾ ਯੋਜਨਾ ਚਾਲੂ ਵਿੱਤੀ ਸਾਲ 2024-25 ਤੋਂ ਵਿੱਤੀ ਸਾਲ 2028-29 ਤੱਕ ਲਾਗੂ ਹੋਵੇਗੀ। ਮੰਤਰੀ ਮੰਡਲ ਨੇ ਇਸ ਯੋਜਨਾ ਲਈ 55825 ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਸੁਭਦਰਾ ਯੋਜਨਾ ਦਾ ਕਿਸ-ਕਿਸ ਨੂੰ ਫਾਇਦਾ ਮਿਲੇਗਾ?
ਇਸ ਯੋਜਨਾ ਦਾ ਫਾਇਦਾ ਸਿਰਫ਼ ਉਨ੍ਹਾਂ ਔਰਤਾਂ ਨੂੰ ਹੀ ਮਿਲੇਗਾ ਜੋ ਆਰਥਿਕ ਤੌਰ 'ਤੇ ਕਮਜ਼ੋਰ ਹਨ। ਸਰਕਾਰੀ ਨੌਕਰੀ ਕਰਨ ਵਾਲੀਆਂ ਅਤੇ ਆਮਦਨ ਕਰ ਅਦਾ ਕਰਨ ਵਾਲੀਆਂ ਔਰਤਾਂ ਨੂੰ ਇਸ ਸਕੀਮ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਨਾਲ ਹੀ ਜੇਕਰ ਕੋਈ ਔਰਤ ਕਿਸੇ ਹੋਰ ਸਰਕਾਰੀ ਸਕੀਮ ਤੋਂ ਹਰ ਸਾਲ 15,000 ਰੁਪਏ ਜਾਂ ਇਸ ਤੋਂ ਵੱਧ ਦਾ ਫਾਇਦਾ ਲੈਂਦੀ ਹੈ, ਤਾਂ ਉਸ ਨੂੰ ਇਸ ਯੋਜਨਾ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਸੁਭਦਰਾ ਡੈਬਿਟ ਕਾਰਡ
ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਔਰਤਾਂ ਨੂੰ 'ਸੁਭਦਰਾ ਡੈਬਿਟ ਕਾਰਡ' ਵੀ ਮਿਲੇਗਾ। ਇਸ ਯੋਜਨਾ ਦੇ ਲਾਭਪਾਤਰੀਆਂ 'ਚੋਂ ਡਿਜੀਟਲ ਲੈਣ-ਦੇਣ ਕਰਨ ਵਾਲੇ 100 ਲਾਭਪਾਤਰੀਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ 500 ਰੁਪਏ ਦੀ ਵਾਧੂ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਵੇਗੀ।
ਫਾਰਮ ਇੱਥੇ ਉਪਲਬਧ ਹੋਵੇਗਾ
ਸੁਭਦਰਾ ਯੋਜਨਾ ਦਾ ਫਾਇਦਾ ਲੈਣ ਲਈ, ਔਰਤਾਂ ਆਂਗਣਵਾੜੀ ਕੇਂਦਰਾਂ, ਬਲਾਕ ਦਫ਼ਤਰ ਅਤੇ ਲੋਕ ਸੇਵਾ ਕੇਂਦਰਾਂ ਤੋਂ ਫਾਰਮ ਮੁਫ਼ਤ ਪ੍ਰਾਪਤ ਕਰ ਸਕਦੀਆਂ ਹਨ। ਇਸ ਯੋਜਨਾ ਦੀ ਨਿਗਰਾਨੀ ਲਈ 'ਸੁਭਦਰਾ ਸੁਸਾਇਟੀ' ਬਣਾਈ ਜਾਵੇਗੀ, ਜੋ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਧੀਨ ਕੰਮ ਕਰੇਗੀ।
ਇਹ ਵੀ ਪੜ੍ਹੋ : Railway Season Ticket : ਇਸ ਸਹੂਲਤ ਤੋਂ ਅਣਜਾਣ ਹਨ 90 ਫੀਸਦ ਰੇਲਵੇ ਯਾਤਰੀ, ਸੀਜ਼ਨ ਟਿਕਟ ਕੀ ਹੈ ? ਜੋ ਯਾਤਰੀਆਂ ਲਈ ਹੈ ਫਾਇਦੇਮੰਦ