ਤਾਂਤਰਿਕ ਦੇ ਕਹਿਣ 'ਤੇ ਗੁਆਂਢੀਆਂ ਦੇ ਬੱਚੇ ਦਾ ਕਤਲ ਕਰ ਉਸਦਾ ਖ਼ੂਨ ਪੀਣ ਵਾਲੀ ਔਰਤ ਨੂੰ ਉਮਰ ਕੈਦ ਦੀ ਸਜ਼ਾ

By  Jasmeet Singh November 25th 2022 12:20 PM

ਬਰੇਲੀ (ਉੱਤਰ ਪ੍ਰਦੇਸ਼), 25 ਨਵੰਬਰ: ਬਰੇਲੀ ਦੀ ਇਕ ਅਦਾਲਤ ਨੇ ਇਕ 33 ਸਾਲਾ ਬੇਔਲਾਦ ਔਰਤ ਨੂੰ ਆਪਣੇ ਗੁਆਂਢੀ ਦੇ 10 ਸਾਲਾ ਬੇਟੇ ਦਾ ਕਤਲ ਕਰਨ ਅਤੇ ਜਾਦੂ-ਟੂਣੇ ਦੇ ਨਾਂ 'ਤੇ ਉਸ ਦਾ ਖੂਨ ਪੀਣ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਔਰਤ ਦਾ ਮੰਨਣਾ ਸੀ ਕਿ ਇਸ ਨਾਲ ਉਸ ਨੂੰ ਬੱਚੇ ਪੈਦਾ ਕਰਨ ਵਿਚ ਮਦਦ ਮਿਲੇਗੀ। ਇਸ ਜੁਰਮ ਵਿਚ ਉਸ ਦੀ ਮਦਦ ਕਰਨ ਵਾਲੇ ਔਰਤ ਦੇ ਪ੍ਰੇਮੀ ਅਤੇ ਉਸ ਦੇ ਚਚੇਰੇ ਭਰਾ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ: ਮਾਂ ਨੇ 3 ਬੱਚਿਆਂ ਸਮੇਤ ਪਾਣੀ ਵਾਲੀ ਟੈਂਕੀ 'ਚ ਮਾਰੀ ਛਾਲ, ਮਾਸੂਮਾਂ ਦੀ ਮੌਤ, ਔਰਤ ਨੂੰ ਬਚਾਇਆ

ਇਹ ਘਟਨਾ 5 ਦਸੰਬਰ 2017 ਨੂੰ ਰੋਜਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਮੁਕਾ 'ਚ ਵਾਪਰੀ ਸੀ। ਧਨ ਦੇਵੀ ਨੇ ਆਪਣੇ ਪ੍ਰੇਮੀ ਸੂਰਜ ਅਤੇ ਚਚੇਰੇ ਭਰਾ ਸੁਨੀਲ ਕੁਮਾਰ ਦੀ ਮਦਦ ਨਾਲ ਆਪਣੇ ਗੁਆਂਢੀ ਦੇ ਬੇਟੇ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ। ਉਸ ਨੂੰ ਘਟਨਾ ਦੇ ਤਿੰਨ ਦਿਨ ਬਾਅਦ 8 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 

ਵਧੀਕ ਜ਼ਿਲ੍ਹਾ ਸਰਕਾਰੀ ਵਕੀਲ ਵਿਨੋਦ ਸ਼ੁਕਲਾ ਨੇ ਕਿਹਾ ਕਿ ਇਹ ਇਕ ਘਿਨੌਣਾ ਅਪਰਾਧ ਸੀ। ਔਰਤ ਨੇ ਪਹਿਲਾਂ ਬੱਚੇ ਦਾ ਖੂਨ ਕੱਢਿਆ, ਉਸ ਦੇ ਚਿਹਰੇ 'ਤੇ ਲਗਾਇਆ ਅਤੇ ਉਸ ਨੂੰ ਮਾਰਨ ਤੋਂ ਪਹਿਲਾਂ ਖੂਨ ਦੀਆਂ ਕੁਝ ਬੂੰਦਾਂ ਪੀ ਲਈਆਂ। ਗ੍ਰਿਫਤਾਰੀ ਤੋਂ ਬਾਅਦ ਔਰਤ ਨੇ ਜਾਂਚ ਅਧਿਕਾਰੀ ਨੂੰ ਦੱਸਿਆ ਕਿ ਵਿਆਹ ਦੇ 6 ਸਾਲ ਬਾਅਦ ਵੀ ਗਰਭਵਤੀ ਨਾ ਹੋਣ 'ਤੇ ਉਸ ਨੇ ਇਕ ਤਾਂਤਰਿਕ ਦੀ ਸਲਾਹ 'ਤੇ ਅਜਿਹਾ ਕੀਤਾ।

ਇਹ ਵੀ ਪੜ੍ਹੋ: ਡੇਰਾ ਮੁਖੀ ਦੀ ਸੁਨਾਰੀਆ ਜੇਲ੍ਹ 'ਚ ਵਾਪਸੀ, 40 ਦਿਨਾਂ ਦੀ ਪੈਰੋਲ ਖਤਮ, 2 ਗੀਤ ਕੀਤੇ ਰਿਲੀਜ਼

ਆਪਣੇ ਸਹੁਰਿਆਂ ਦੇ ਤਾਅਨੇ-ਮਿਹਣਿਆਂ ਤੋਂ ਤੰਗ ਆ ਕੇ ਧਨ ਦੇਵੀ ਨੇ ਪੀਲੀਭੀਤ ਜ਼ਿਲ੍ਹੇ ਦੇ ਮਾਧੋਟਾਂਡਾ ਦੇ ਰਹਿਣ ਵਾਲੇ ਆਪਣੇ ਪਤੀ ਧਰਮਪਾਲ ਨੂੰ ਛੱਡ ਦਿੱਤਾ ਅਤੇ ਸ਼ਾਹਜਹਾਂਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਰਹਿਣ ਲੱਗ ਪਈ, ਜਿੱਥੇ ਉਸ ਦੀ ਮੁਲਾਕਾਤ ਇੱਕ ਤਾਂਤਰਿਕ ਨਾਲ ਹੋਈ। ਬੱਚੇ ਦੇ ਪਰਿਵਾਰ ਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

Related Post