Facing Deportation: ਕੈਨੇਡਾ 'ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਪੀਐਮ ਟਰੂਡੋ ਦਾ ਵੱਡਾ ਬਿਆਨ

ਜਾਅਲੀ ਦਾਖਲਾ ਪੱਤਰਾਂ ਕਾਰਨ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਹਰੇਕ ਮਾਮਲੇ ਦਾ ਮੁਲਾਂਕਣ ਕਰਨਗੇ ਅਤੇ ਧੋਖਾਧੜੀ ਦੇ ਪੀੜਿਤਾਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਮਿਲੇਗਾ।

By  Ramandeep Kaur June 8th 2023 01:39 PM -- Updated: June 8th 2023 04:43 PM

Facing Deportation: ਜਾਅਲੀ ਦਾਖਲਾ ਪੱਤਰਾਂ ਕਾਰਨ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਹਰੇਕ ਮਾਮਲੇ ਦਾ ਮੁਲਾਂਕਣ ਕਰਨਗੇ ਅਤੇ ਧੋਖਾਧੜੀ ਦੇ ਪੀੜਿਤਾਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਮਿਲੇਗਾ।

ਇਹ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਸੈਂਕੜੇ ਭਾਰਤੀ ਵਿਦਿਆਰਥੀ, ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬ ਦੇ ਹਨ, ਕੈਨੇਡਾ ‘ਚ ਸੜਕਾਂ 'ਤੇ ਉਤਰ ਰਹੇ ਹਨ, ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਵਿਚ ਉਨ੍ਹਾਂ ਦੀ ਇਮੀਗ੍ਰੇਸ਼ਨ ਕਾਉਂਸਲਿੰਗ ਏਜੰਸੀ ਵੱਲੋਂ ਧੋਖਾ ਦਿੱਤਾ ਗਿਆ ਹੈ, ਜਿਸ ਨੇ ਉਨ੍ਹਾਂ ਨੂੰ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਏ ਸਨ, ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਸੀ। 

ਟਰੂਡੋ ਨੇ ਬੁੱਧਵਾਰ ਨੂੰ ਸੰਸਦ ‘ਚ ਬਹਿਸ ਦੌਰਾਨ ਕਿਹਾ, "ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਜਿਹੇ ਮਾਮਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਜਿਨ੍ਹਾਂ ਨੂੰ ਫਰਜ਼ੀ ਕਾਲਜ ਸਵੀਕ੍ਰਿਤੀ ਪੱਤਰਾਂ ਨੂੰ ਲੈ ਕੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਪੱਸ਼ਟ ਕਰਨ ਲਈ, ਸਾਡਾ ਧਿਆਨ ਪੀੜਿਤਾਂ ਨੂੰ ਸਜ਼ਾ ਦੇਣ ਦੀ ਬਜਾਏ ਦੋਸ਼ੀਆਂ ਦੀ ਪਛਾਣ ਕਰਨ 'ਤੇ ਹੈ।' ਧੋਖੇਬਾਜ਼ੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੀ ਸਥਿਤੀ 'ਤੇ ਸਿੱਖ ਮੂਲ ਦੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਦੀਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਧੋਖਾਧੜੀ ਦੇ ਪੀੜਿਤਾਂ ਨੂੰ ਆਪਣੇ ਹਾਲਾਤਾਂ ਬਾਰੇ ਦੱਸਣ ਅਤੇ ਆਪਣੇ ਕੇਸ ਦੇ ਸਮਰਥਨ ਲਈ ਸਬੂਤ ਪੇਸ਼ ਕਰਨ ਦਾ ਮੌਕਾ ਮਿਲੇਗਾ। 

ਟਰੂਡੋ ਨੇ ਕਿਹਾ, "ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸਾਡੇ ਦੇਸ਼ ਵਿੱਚ ਪਾਏ ਅਥਾਹ ਯੋਗਦਾਨ ਨੂੰ ਪਛਾਣਦੇ ਹਾਂ, ਅਤੇ ਅਸੀਂ ਧੋਖਾਧੜੀ ਦੇ ਪੀੜਿਤਾਂ ਦੀ ਸਹਾਇਤਾ ਲਈ ਵਚਨਬੱਧ ਹਾਂ, ਕਿਉਂਕਿ ਅਸੀਂ ਹਰ ਇੱਕ ਕੇਸ ਦਾ ਮੁਲਾਂਕਣ ਕਰਦੇ ਹਾਂ।" ਸਿੰਘ ਦੀ ਐੱਨ.ਡੀ.ਪੀ. ਕਥਿਤ ਤੌਰ 'ਤੇ ਇਨ੍ਹਾਂ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੱਦ ਕਰਨ ਲਈ ਸੰਸਦ ਵਿੱਚ ਸਰਬਸੰਮਤੀ ਨਾਲ ਸਹਿਮਤੀ ਮਤਾ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਲਈ ਸਥਾਈ ਨਿਵਾਸ ਦਾ ਰਾਹ ਵੀ ਸੁਖਾਲਾ ਬਣਾ ਰਹੀ ਹੈ।

ਇਹ ਉਹਨਾਂ ਵਿਦਿਆਰਥੀਆਂ ਦੀ ਵੀ ਸਹਾਇਤਾ ਕਰੇਗਾ ਜੋ ਜਾਅਲੀ ਦਾਖਲਾ ਪੇਸ਼ਕਸ਼ਾਂ ਕਾਰਨ ਦੇਸ਼ ਨਿਕਾਲੇ ਦਾ ਸਾਹਮਣਾ ਕਰ ਸਕਦੇ ਹਨ। ਸਿੰਘ ਨੇ ਪੀੜਿਤਾਂ ਦਾ ਪੱਖ ਪੇਸ਼ ਕਰਦਿਆਂ ਟਰੂਡੋ ਨੂੰ ਕਿਹਾ, "ਤਾਂ ਮੇਰਾ ਸਵਾਲ ਹੈ... ਕੀ ਪ੍ਰਧਾਨ ਮੰਤਰੀ ਪ੍ਰਭਾਵਿਤ ਹੋਣ ਵਾਲੇ ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਦੇਸ਼ ਨਿਕਾਲੇ 'ਤੇ ਰੋਕ ਲਗਾਉਣਗੇ ਅਤੇ ਇਨ੍ਹਾਂ ਵਿਦਿਆਰਥੀਆਂ ਲਈ ਸਥਾਈ ਨਿਵਾਸ ਦਾ ਰਸਤਾ ਪ੍ਰਦਾਨ ਕਰਨਗੇ?" 


ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (ਸੀ.ਬੀ.ਐੱਸ.ਏ.) ਦੇ ਅਨੁਸਾਰ, 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਇਹ ਪਤਾ ਲੱਗਣ ਤੋਂ ਬਾਅਦ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਨ੍ਹਾਂ ਦੇ ਵਿਦਿਅਕ ਅਦਾਰੇ ਦੇ ਦਾਖਲਾ ਪੇਸ਼ਕਸ਼ ਪੱਤਰ ਜਾਅਲੀ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ 2018 ਅਤੇ 2019 ਵਿੱਚ ਪੜ੍ਹਨ ਲਈ ਦੇਸ਼ ਆਏ ਸਨ। ਇਸ ਧੋਖਾਧੜੀ ਦਾ ਪਤਾ ਉਦੋਂ ਲੱਗਾ ਜਦੋਂ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਅਪਲਾਈ ਕੀਤਾ ਸੀ।

ਜਲੰਧਰ ਦਾ ਇਕ ਏਜੰਟ ਬ੍ਰਿਜੇਸ਼ ਮਿਸ਼ਰਾ ਵਿਦਿਆਰਥੀਆਂ ਤੋਂ ਹਜ਼ਾਰਾਂ ਡਾਲਰ ਵਸੂਲ ਕੇ ਫਰਜ਼ੀ ਦਾਖਲਾ ਪੱਤਰ ਮੁਹੱਈਆ ਕਰਵਾਉਣ ਲਈ ਜ਼ਿੰਮੇਦਾਰ ਸੀ। ਉਹ ਨਾਮਵਰ ਕਾਲਜਾਂ ਵਿੱਚ ਦਾਖ਼ਲਾ ਦਿਵਾਉਣ ਦਾ ਦਾਅਵਾ ਕਰਕੇ ਦਾਖ਼ਲਾ ਫੀਸ ਤੋਂ ਇਲਾਵਾ ਪ੍ਰਤੀ ਵਿਦਿਆਰਥੀ ਤੋਂ 16 ਲੱਖ ਰੁਪਏ ਤੋਂ ਵੱਧ ਵਸੂਲ ਕਰਦਾ ਸੀ। ਇੱਥੇ ਤੁਹਾਨੂੰ ਦੱਸ ਦੇਈਏ ਕਿ ਵਿਦਿਆਰਥੀਆਂ ਨੇ 29 ਮਈ ਤੋਂ ਮਿਸੀਸਾਗਾ ਦੇ ਏਅਰਪੋਰਟ ਰੋਡ 'ਤੇ ਸੀ.ਬੀ.ਐੱਸ.ਏ. ਦੇ ਮੁੱਖ ਦਫ਼ਤਰ ਦੇ ਬਾਹਰ 'ਡਿਪੋਰਟੇਸ਼ਨ ਖ਼ਿਲਾਫ਼ ਇਕਜੁੱਟ ਹੋਵੋ', 'ਡਿਪੋਰਟੇਸ਼ਨ ਬੰਦ ਕਰੋ' ਅਤੇ 'ਅਸੀਂ ਨਿਆਂ ਚਾਹੁੰਦੇ ਹਾਂ' ਦੇ ਬੈਨਰ ਫੜ ਕੇ ਧਰਨਾ ਜਾਰੀ ਰੱਖਿਆ ਹੋਇਆ ਹੈ। 


Related Post