ਸ਼ਰਧਾ ਕਤਲ ਮਾਮਲੇ ਵਰਗੀ ਘਟਨਾ, ਪਤਨੀ ਵੱਲੋਂ ਬੇਟੇ ਨਾਲ ਮਿਲ ਪਤੀ ਦਾ ਕਤਲ, ਲਾਸ਼ ਦੇ ਕੀਤੇ ਕਈ ਟੁਕੜੇ
ਨਵੀਂ ਦਿੱਲੀ, 28 ਨਵੰਬਰ: ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਬੀਤੀ ਮਈ ਵਿੱਚ ਦਿੱਲੀ ਦੇ ਪਾਂਡਵ ਨਗਰ ਵਿੱਚ ਰਾਮਲੀਲਾ ਗਰਾਊਂਡ ਅਤੇ ਡਰੇਨ ਵਿੱਚੋਂ ਕਈ ਮਨੁੱਖੀ ਅੰਗ ਮਿਲਣ ਦੇ ਮਾਮਲੇ ਵਿੱਚ ਇੱਕ ਔਰਤ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੇ ਨਾਂ ਪੂਨਮ ਅਤੇ ਦੀਪਕ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਨੁੱਖੀ ਅੰਗ ਅੰਜਨ ਦਾਸ ਦੇ ਸਨ। ਦਰਅਸਲ ਮੁਲਜ਼ਮ ਪੂਨਮ ਜਿੱਥੇ ਅੰਜਨ ਦਾਸ ਦੀ ਪਤਨੀ ਹੈ, ਉੱਥੇ ਦੀਪਕ ਮਤਰੇਆ ਪੁੱਤਰ ਹੈ। ਦੋਵਾਂ 'ਤੇ ਅੰਜਨ ਦੀ ਹੱਤਿਆ ਦਾ ਇਲਜ਼ਾਮ ਹੈ।
ਅੰਜਨ ਦੇ ਸਨ ਕਈ ਔਰਤਾਂ ਨਾਲ ਨਾਜਾਇਜ਼ ਸਬੰਧ
ਅੰਜਨ ਦਾਸ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਸਨ। ਉਸਨੂੰ ਨਸ਼ੀਲੀਆਂ ਗੋਲੀਆਂ ਮਿਲਾ ਕੇ ਸ਼ਰਾਬ ਪਿਲਾਈ ਗਈ, ਜਿਸ ਤੋਂ ਬਾਅਦ ਚਾਕੂ ਨਾਲ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਕਈ ਥਾਵਾਂ 'ਤੇ ਸੁੱਟ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੂਨਮ ਦੇ ਵੀ ਕਈ ਵਿਆਹ ਹੋਏ ਸਨ।
ਛੇ ਮਹੀਨਿਆਂ ਬਾਅਦ ਕੀਤਾ ਗ੍ਰਿਫਤਾਰ
ਬੀਤੀ 30 ਮਈ ਨੂੰ ਪੁਲਿਸ ਜਾਂਚ ਵਿੱਚ ਮਨੁੱਖੀ ਅੰਗ ਮਿਲੇ ਸਨ। ਇਸ ਮਾਮਲੇ 'ਚ ਪੁਲਿਸ ਨੂੰ ਕੁਝ ਸੀਸੀਟੀਵੀ ਫੁਟੇਜ ਵੀ ਮਿਲੀ ਸੀ, ਜਿਸ ਦੇ ਆਧਾਰ 'ਤੇ ਛੇ ਮਹੀਨੇ ਦੀ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹੁਣ ਪੁਲਿਸ ਅੰਜਨ ਦਾਸ ਦੀ ਡੀਐਨਏ ਪ੍ਰੋਫਾਈਲਿੰਗ ਕਰਵਾਏਗੀ।
ਨੂੰਹ 'ਤੇ ਰੱਖਦਾ ਸੀ ਗੰਦੀ ਨਜ਼ਰ
ਜਾਣਕਾਰੀ ਮੁਤਾਬਕ ਅੰਜਨ ਦਾਸ 'ਤੇ ਆਪਣੇ ਮਤਰੇਏ ਪੁੱਤਰ ਦੀਪਕ ਦੀ ਪਤਨੀ 'ਤੇ ਬੁਰੀ ਨਜ਼ਰ ਰੱਖਣ ਦਾ ਇਲਜ਼ਾਮ ਹੈ। ਦੀਪਕ ਅਸਲ ਵਿੱਚ ਪੂਨਮ ਦੇ ਪਹਿਲੇ ਪਤੀ ਕੱਲੂ ਦਾ ਪੁੱਤਰ ਹੈ। ਦੀਪਕ ਆਪਣੀ ਪਤਨੀ 'ਤੇ ਗਲਤ ਨਜ਼ਰ ਰੱਖਣ ਕਾਰਨ ਆਪਣੇ ਮਤਰੇਏ ਪਿਤਾ ਅੰਜਨ ਦਾਸ ਤੋਂ ਬਹੁਤ ਨਾਰਾਜ਼ ਸੀ।
ਸ਼ਰਧਾ ਕਤਲ ਕਾਂਡ ਵਰਗਾ ਹੀ ਮਾਮਲਾ
ਇਹ ਮਾਮਲਾ ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਸ਼ਰਧਾ ਕਤਲ ਕਾਂਡ ਵਰਗਾ ਹੈ। ਨਾਲ ਹੀ ਇਹ ਮਹਿਜ਼ ਇਤਫ਼ਾਕ ਹੈ ਕਿ ਦੋਵੇਂ ਕਤਲ ਮਈ ਮਹੀਨੇ ਵਿੱਚ ਹੋਏ ਸਨ। ਛਤਰਪੁਰ ਇਲਾਕੇ 'ਚ ਕਿਰਾਏ ਦੇ ਫਲੈਟ 'ਚ ਰਹਿਣ ਵਾਲੇ ਆਫਤਾਬ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਦੇ ਕਰੀਬ 35 ਟੁਕੜਿਆਂ 'ਚ ਕੱਟਣ ਦਾ ਇਲਜ਼ਾਮ ਹੈ। ਇਸ ਤੋਂ ਬਾਅਦ ਉਸਨੇ ਲਾਸ਼ ਦੇ ਟੁਕੜਿਆਂ ਨੂੰ ਫਰਿੱਜ ਵਿਚ ਰੱਖ ਕੇ ਮਹੀਨਿਆਂ ਤੱਕ ਲੁਕਾ ਕੇ ਰੱਖੇ ਤੇ ਹੌਲੀ ਹੌਲੀ ਜੰਗਲ 'ਚ ਸੁੱਟਦੀ ਰਹੀ।