ਪੰਜਾਬੀ ਗਾਇਕ ਸ਼ੁਭ ਨੂੰ ਆਪਣੇ ਭਾਰਤ ਟੂਰ ਤੋਂ ਪਹਿਲਾਂ ਕਿਉਂ ਕਰਨਾ ਪੈ ਰਿਹਾ ਵਿਰੋਧ ਦਾ ਸਾਹਮਣਾ? ਇੱਥੇ ਜਾਣੋ

By  Jasmeet Singh September 20th 2023 11:50 AM -- Updated: September 20th 2023 02:51 PM

ਚੰਡੀਗੜ੍ਹ: ਇਲੈਕਟ੍ਰੋਨਿਕਸ ਬ੍ਰਾਂਡ boAt ਨੇ ਕਿਹਾ ਕਿ ਉਸਨੇ ਕੈਨੇਡਾ-ਅਧਾਰਤ ਪੰਜਾਬੀ ਗਾਇਕ ਸ਼ੁਬਨੀਤ ਸਿੰਘ (Shubneet Singh) ਦੇ ਆਗਾਮੀ ਇੰਡੀਆ ਕੰਸਰਟ ਦੀ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਸ਼ੁਭ (Shubh)ਦੇ ਨਾਂ ਨਾਲ ਮਸ਼ਹੂਰ 26 ਸਾਲਾ ਕਲਾਕਾਰ 23 ਤੋਂ 25 ਸਤੰਬਰ ਤੱਕ ਮੁੰਬਈ ਵਿੱਚ ਕੋਰਡੇਲੀਆ ਕਰੂਜ਼ 'ਤੇ ਪ੍ਰਦਰਸ਼ਨ ਕਰਨ ਵਾਲਾ ਹੈ ਅਤੇ ਉਸਦਾ ਨਵੀਂ ਦਿੱਲੀ, ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਦੇ ਨਾਲ ਦੇਸ਼ ਵਿੱਚ ਇੱਕ ਟੂਰ ਵੀ ਤਿਆਰ ਹੈ।

ਹਾਲਾਂਕਿ ਗਾਇਕ ਨੂੰ ਮੁੰਬਈ ਵਿੱਚ ਆਪਣੇ ਨਿਰਧਾਰਤ ਸਮਾਰੋਹ ਤੋਂ ਪਹਿਲਾਂ ਨਾਕਾਰਾਤਮਕ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੰਗਲਵਾਰ ਨੂੰ boAt ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ ਕਿ ਉਹ ਇਸ ਸਾਲ ਦੇ ਸ਼ੁਰੂ ਵਿੱਚ ਕਲਾਕਾਰ ਦੁਆਰਾ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਕੈਨੇਡੀਅਨ ਗਾਇਕ ਦੇ ਭਾਰਤ ਦੌਰੇ ਦੀ ਆਪਣੀ ਸਪਾਂਸਰਸ਼ਿਪ ਵਾਪਸ ਲੈ ਰਹੇ ਹਨ।

ਕੰਪਨੀ ਨੇ ਅੱਗੇ ਕਿਹਾ, "ਅਸੀਂ ਭਾਰਤ ਵਿੱਚ ਇੱਕ ਲਾਈਵ ਸੰਗੀਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਾਂਗੇ ਅਤੇ ਅਜਿਹੇ ਪਲੇਟਫਾਰਮ ਤਿਆਰ ਕਰਾਂਗੇ ਜਿੱਥੇ ਉੱਭਰਦੇ ਕਲਾਕਾਰ ਆਪਣੀ ਪ੍ਰਤਿਭਾ ਦਿਖਾ ਸਕਣ।"


ਜ਼ਿਕਰਯੋਗ ਹੈ ਕਿ ਸ਼ੁਭ ਨੇ ਇਸ ਤੋਂ ਪਹਿਲਾਂ ਕਥਿਤ ਤੌਰ 'ਤੇ ਭਾਰਤ ਦਾ ਵਿਗੜਿਆ ਨਕਸ਼ਾ ਸਾਂਝਾ ਕੀਤਾ ਸੀ ਜਿਸ ਲਈ ਉਸ 'ਤੇ ਖਾਲਿਸਤਾਨੀ ਵੱਖਵਾਦੀਆਂ ਦਾ ਸਮਰਥਨ ਕਰਨ ਦਾ ਕਥਿਤ ਦੋਸ਼ ਲਗਾਇਆ ਗਿਆ।

ਕੁਝ ਦਿਨ ਪਹਿਲਾਂ ਹੀ ਭਾਰਤੀ ਯੁਵਾ ਮੋਰਚਾ ਦੇ ਮੈਂਬਰਾਂ ਨੇ ਮੁੰਬਈ 'ਚ ਸ਼ੁਭ ਦੇ ਸੰਗੀਤ ਸਮਾਰੋਹ ਦਾ ਪ੍ਰਚਾਰ ਕਰਨ ਵਾਲੇ ਪੋਸਟਰ ਵੀ ਪਾੜ ਦਿੱਤੇ ਸਨ।

ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਤਜਿੰਦਰ ਸਿੰਘ ਟਿਵਾਣਾ ਨੇ ਆਪਣੇ ਬਿਆਨਾਂ 'ਚ ਨਿਊਜ਼ ਏਜੰਸੀ ਏ.ਐਨ.ਆਈ. ਨੂੰ ਦੱਸਿਆ ਕਿ "ਭਾਰਤ ਦੀ ਅਖੰਡਤਾ ਅਤੇ ਏਕਤਾ ਦੇ ਦੁਸ਼ਮਣ ਖਾਲਿਸਤਾਨੀਆਂ ਲਈ ਕੋਈ ਥਾਂ ਨਹੀਂ ਹੈ।"

ਉਨ੍ਹਾਂ ਕਿਹਾ, "ਅਸੀਂ ਕੈਨੇਡੀਅਨ ਗਾਇਕ ਸ਼ੁਭ ਦਾ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪਵਿੱਤਰ ਧਰਤੀ, ਮੁੰਬਈ 'ਚ ਸੰਗੀਤ ਸਮਾਗਮ ਨਹੀਂ ਹੋਣ ਦੇਵਾਂਗੇ... ਜੇਕਰ ਕੋਈ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਪ੍ਰਬੰਧਕਾਂ ਨੂੰ ਸਾਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।"

ਜਿਸ ਮਗਰੋਂ ਭਾਰਤੀ ਕੰਪਨੀ boAt ਨੇ ਵੀ ਕਥਿਤ ਦੋਸ਼ਾਂ ਦੇ ਵਿਚਕਾਰ ਆਪਣੀ ਸਪਾਂਸਰਸ਼ਿਪ ਵਾਪਸ ਲੈ ਲਈ ਹੈ ਅਤੇ ਇਸ ਬਾਰੇ ਉਕਤ ਪੋਸਟ ਵੀ ਸਾਂਝੀ ਕੀਤੀ ਹੈ।



ਸ਼ੁਭ ਕੌਣ ਹੈ?
ਕੈਨੇਡੀਅਨ ਗਾਇਕ ਸ਼ੁਭ ਦਾ ਪੂਰਾ ਨਾਮ ਸ਼ੁਭਨੀਤ ਸਿੰਘ ਹੈ, ਜਿਸਨੇ ਸਾਲ 2021 ਵਿੱਚ ਪ੍ਰਮੁੱਖਤਾ ਪ੍ਰਾਪਤ ਕੀਤੀ ਸੀ। ਸ਼ੁਭ ਕਲਾਕਾਰ ਇਰਮਾਨ ਥਿਆਰਾ ਨਾਲ ਉਸ ਦੇ ਸਿੰਗਲ ਮਿਊਜ਼ਿਕ ਹਿੱਟ 'Don't Look' ਤੋਂ ਬਾਅਦ ਇੱਕ ਘਰੇਲੂ ਨਾਮ ਬਣ ਗਿਆ।

ਹਾਲਾਂਕਿ 'We Rollin' ਅਤੇ 'Off Shore' ਵਰਗੇ ਗਾਣਿਆਂ ਨਾਲ ਸ਼ੁਭ ਨੇ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਆਪਣਾ ਨਾਮ ਸਥਾਪਤ ਕੀਤਾ।

ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਸ਼ੁਭ ਕੁਝ ਸਾਲਾਂ ਪਹਿਲਾਂ ਕੈਨੇਡਾ ਚਲਾ ਗਿਆ ਸੀ ਅਤੇ ਇੱਥੋਂ ਹੀ ਕਿਹਾ ਜਾਂਦਾ ਹੈ ਕਿ ਉਸ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ। ਗਾਉਣ ਤੋਂ ਇਲਾਵਾ ਸ਼ੁਭ ਆਪਣੇ ਰੈਪਿੰਗ (Rapping) ਅਤੇ ਸੰਗੀਤ ਕੰਪੋਜ਼ਿੰਗ (Music Composing) ਹੁਨਰ ਲਈ ਵੀ ਜਾਣਿਆ ਜਾਂਦਾ ਹੈ।

ਸ਼ੁਭ ਰਵਨੀਤ ਸਿੰਘ (Ravneet Singh) ਦਾ ਛੋਟਾ ਭਰਾ ਹੈ, ਜੋ ਕਿ ਸੰਗੀਤ ਉਦਯੋਗ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। 

ਸ਼ੁਭ ਨੇ ਪਿਛਲੇ ਸਾਲ ਕ੍ਰਮਵਾਰ 'No Love', 'Baller' ਅਤੇ 'Her' ਦੇ ਨਾਮ ਨਾਲ ਤਿੰਨ ਸਿੰਗਲ ਰਿਲੀਜ਼ ਕੀਤੇ। ਸਾਲ 2023 ਵਿੱਚ ਉਸਨੇ ਆਪਣੀ ਪਹਿਲੀ ਐਲਬਮ 'ਵੀ ਰੋਲਿਨ' ਰਿਲੀਜ਼ ਕੀਤੀ ਜਿਸਨੇ ਬਿਲਬੋਰਡ ਕੈਨੇਡੀਅਨ ਐਲਬਮ ਚਾਰਟ ਵਿੱਚ ਆਪਣੀ ਐਂਟਰੀ ਕੀਤੀ।



ਆਪਣੀ ਐਲਬਮ ਦੀ ਸਫਲਤਾ ਤੋਂ ਬਾਅਦ ਸ਼ੁਭ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕੀਤਾ, ਜੋ ਕਿ ਸਤੰਬਰ ਵਿੱਚ ਮੁੰਬਈ 'ਚ ਹੋਣਾ ਸੀ ਪਰ ਹੁਣ ਇਸ ਸੋਸ਼ਲ ਮੀਡੀਆ ਵਿਵਾਦ ਕਾਰਨ ਇਹ ਦੌਰਾ ਰੱਦ ਕਰ ਦਿੱਤਾ ਗਿਆ ਹੈ। ਭਾਰਤ ਵਰਸ਼ 'ਚ ਜਨਤਕ ਰੋਸ ਦੇ ਜਵਾਬ ਵਿੱਚ ਟਿਕਟਿੰਗ ਪਲੇਟਫਾਰਮ BookMyShow ਨੇ ਸਾਰੇ ਖਪਤਕਾਰਾਂ ਲਈ ਪੂਰੀ ਰਿਫੰਡ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਨੇ ਸ਼ੋਅ ਲਈ ਟਿਕਟਾਂ ਖਰੀਦੀਆਂ ਸਨ ਉਨ੍ਹਾਂ ਨੂੰ 7-10 ਕੰਮਕਾਜੀ ਦਿਨਾਂ ਦੇ ਅੰਦਰ ਪੂਰਾ ਪੈਸਾ ਰਿਫੰਡ ਕਰ ਦਿੱਤਾ ਜਾਵੇਗਾ। 



Related Post