National Cinema Day 2024 : ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਸਿਨੇਮਾ ਦਿਵਸ ? ਜਾਣੋ ਇਸ ਦਿਨ ਦਾ ਇਤਿਹਾਸ, ਮਹੱਤਤਾ ਅਤੇ ਉਦੇਸ਼
ਰਾਸ਼ਟਰੀ ਸਿਨੇਮਾ ਦਿਵਸ ਸਿਨੇਮਾ ਪ੍ਰੇਮੀਆਂ ਲਈ ਇੱਕ ਖਾਸ ਦਿਨ ਹੈ। ਆਓ ਜਾਣਦੇ ਹਾਂ ਰਾਸ਼ਟਰੀ ਸਿਨੇਮਾ ਦਿਵਸ ਕੀ ਹੁੰਦਾ ਹੈ? ਅਤੇ ਇਸ ਦਿਨ ਦਾ ਇਤਿਹਾਸ, ਮਹੱਤਤਾ ਅਤੇ ਉਦੇਸ਼ ਕੀ ਹੁੰਦਾ ਹੈ?
National Cinema Day 2024 : ਰਾਸ਼ਟਰੀ ਸਿਨੇਮਾ ਦਿਵਸ ਸਿਨੇਮਾ ਪ੍ਰੇਮੀਆਂ ਲਈ ਇੱਕ ਖਾਸ ਦਿਨ ਹੈ, ਜੋ ਸਾਨੂੰ ਫਿਲਮਾਂ ਦੀ ਸ਼ਾਨਦਾਰ ਯਾਤਰਾ ਅਤੇ ਉਨ੍ਹਾਂ ਦੀ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣ ਦਾ ਮੌਕਾ ਦਿੰਦਾ ਹੈ। ਇਹ ਦਿਨ ਸਿਨੇਮਾ ਦੇ ਜਾਦੂ, ਇਸਦੀ ਸ਼ਕਤੀ ਅਤੇ ਸਮਾਜ 'ਤੇ ਇਸ ਦੇ ਪ੍ਰਭਾਵ ਨੂੰ ਸਮਰਪਿਤ ਹੈ। ਕਿਉਂਕਿ ਫ਼ਿਲਮਾਂ ਨੇ ਸਾਨੂੰ ਸਿਰਫ਼ ਮਨੋਰੰਜਨ ਹੀ ਨਹੀਂ ਦਿੱਤਾ ਸਗੋਂ ਵਿਚਾਰਾਂ, ਜਜ਼ਬਾਤਾਂ ਅਤੇ ਕਹਾਣੀਆਂ ਨੂੰ ਵੀ ਜੀਵੰਤ ਰੂਪ 'ਚ ਪੇਸ਼ ਕੀਤਾ ਹੈ। ਤਾਂ ਆਓ ਜਾਣਦੇ ਹਾਂ ਰਾਸ਼ਟਰੀ ਸਿਨੇਮਾ ਦਿਵਸ ਕੀ ਹੁੰਦਾ ਹੈ? ਅਤੇ ਇਸ ਦਿਨ ਦਾ ਇਤਿਹਾਸ, ਮਹੱਤਤਾ ਅਤੇ ਉਦੇਸ਼ ਕੀ ਹੁੰਦਾ ਹੈ?
ਰਾਸ਼ਟਰੀ ਸਿਨੇਮਾ ਦਿਵਸ ਕੀ ਹੁੰਦਾ ਹੈ?
ਇਹ ਦਿਵਸ ਦੁਨੀਆ ਭਰ ਦੇ ਸਿਨੇਮਾ ਅਤੇ ਇਸ ਨੂੰ ਸੰਭਵ ਬਣਾਉਣ ਵਾਲੇ ਸਾਰੇ ਲੋਕਾਂ ਦਾ ਜਸ਼ਨ ਹੈ। ਇਸ ਦਿਨ ਵਿਸ਼ੇਸ਼ ਛੋਟਾਂ ਜਾਂ ਪੇਸ਼ਕਸ਼ਾਂ ਦਿੱਤੀਆਂ ਜਾਂਦੀਆਂ ਹਨ। ਇਹ ਤੁਹਾਡੀ ਮਨਪਸੰਦ ਫ਼ਿਲਮ ਦੇਖਣ ਜਾਂ ਨਵੀਂ ਫ਼ਿਲਮ ਦੇਖਣ ਦਾ ਵਧੀਆ ਮੌਕਾ ਹੈ। ਇਹ ਫਿਲਮ ਲਈ ਸਾਡੇ ਪਿਆਰ ਦਾ ਜਸ਼ਨ ਮਨਾਉਣ ਅਤੇ ਫਿਲਮਾਂ ਬਣਾਉਣ ਲਈ ਕੀਤੀ ਗਈ ਮਿਹਨਤ ਦੀ ਸ਼ਲਾਘਾ ਕਰਨ ਦਾ ਦਿਨ ਹੈ।
ਇਹ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਸਿਨੇਮਾ ਨੇ ਸਾਡੀ ਜੀਵਨ ਸ਼ੈਲੀ, ਸੋਚ ਅਤੇ ਸੰਚਾਰ ਨੂੰ ਪ੍ਰਭਾਵਿਤ ਕੀਤਾ ਹੈ। ਬਲੈਕ ਐਂਡ ਵਾਈਟ ਯੁੱਗ ਦੀਆਂ ਕਲਾਸਿਕ ਫਿਲਮਾਂ ਹੋਣ ਜਾਂ ਅੱਜ ਦੀਆਂ ਆਧੁਨਿਕ ਟੈਕਨਾਲੋਜੀ ਫਿਲਮਾਂ, ਸਿਨੇਮਾ ਨੇ ਹਮੇਸ਼ਾ ਸਾਡੇ ਦਿਲਾਂ ਨੂੰ ਛੂਹਿਆ ਹੈ। ਇਸ ਦਿਨ ਦਾ ਮਕਸਦ ਸਿਰਫ਼ ਫ਼ਿਲਮਾਂ ਦੇ ਇਤਿਹਾਸ ਦੀ ਕਦਰ ਕਰਨਾ ਹੀ ਨਹੀਂ ਸਗੋਂ ਸਿਨੇਮਾ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣਾ ਵੀ ਹੈ।
ਰਾਸ਼ਟਰੀ ਸਿਨੇਮਾ ਦਿਵਸ ਦਾ ਇਤਿਹਾਸ
ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਪਹਿਲੀ ਵਾਰ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (MAI) ਦੁਆਰਾ 2022 'ਚ ਕੀਤੀ ਗਈ ਸੀ। ਦਸ ਦਈਏ ਕਿ ਇਹ ਪਹਿਲੀ ਵਾਰ 2022 'ਚ ਅਮਰੀਕਾ ਅਤੇ ਯੂਕੇ ਸਮੇਤ ਕਈ ਦੇਸ਼ਾਂ 'ਚ ਮਨਾਇਆ ਗਿਆ ਸੀ, ਜਦੋਂ ਸਿਨੇਮਾ ਉਦਯੋਗ ਨੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਦਰਸ਼ਕਾਂ ਨੂੰ ਸਿਨੇਮਾਘਰਾਂ 'ਚ ਵਾਪਸ ਆਕਰਸ਼ਿਤ ਕਰਨ ਦੀ ਪਹਿਲਕਦਮੀ ਵਜੋਂ ਇਸਦੀ ਸ਼ੁਰੂਆਤ ਕੀਤੀ ਸੀ। ਕਿਉਂਕਿ ਮਹਾਂਮਾਰੀ ਦੇ ਕਾਰਨ ਸਿਨੇਮੇ ਲੰਬੇ ਸਮੇਂ ਲਈ ਬੰਦ ਰਹੇ, ਜਿਸ ਨਾਲ ਦਰਸ਼ਕਾਂ ਅਤੇ ਉਦਯੋਗ ਦੋਵਾਂ ਨੂੰ ਨੁਕਸਾਨ ਹੋਇਆ। ਇਸ ਦਿਨ ਦਾ ਉਦੇਸ਼ ਦਰਸ਼ਕਾਂ ਨੂੰ ਵੱਡੇ ਪਰਦੇ 'ਤੇ ਫਿਲਮਾਂ ਦੇਖਣ ਦੇ ਰੋਮਾਂਚ ਨੂੰ ਮੁੜ ਅਨੁਭਵ ਕਰਨ ਦੇ ਨਾਲ-ਨਾਲ ਸਿਨੇਮਾ ਉਦਯੋਗ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਾ ਸੀ।
ਵੈਸੇ ਤਾਂ ਇਹ ਦਿਨ ਪਹਿਲਾਂ ਹੋਰ ਦੇਸ਼ਾਂ 'ਚ ਮਨਾਇਆ ਜਾਂਦਾ ਸੀ, ਪਰ 2023 'ਚ ਪਹਿਲੀ ਵਾਰ ਭਾਰਤ 'ਚ ਵੱਡੇ ਪੱਧਰ 'ਤੇ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਗਿਆ। ਇਸ ਦਿਨ ਟਿਕਟਾਂ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ ਤਾਂ ਜੋ ਵੱਧ ਤੋਂ ਵੱਧ ਦਰਸ਼ਕ ਸਿਨੇਮਾਘਰਾਂ 'ਚ ਜਾ ਕੇ ਫ਼ਿਲਮਾਂ ਦੇਖ ਸਕਣ। ਭਾਰਤ 'ਚ ਇਹ ਕੋਸ਼ਿਸ਼ ਬਹੁਤ ਸਫਲ ਰਹੀ ਅਤੇ ਇਸ ਦਿਨ ਲੱਖਾਂ ਲੋਕ ਸਿਨੇਮਾਘਰਾਂ 'ਚ ਪਹੁੰਚੇ।
ਰਾਸ਼ਟਰੀ ਸਿਨੇਮਾ ਦਿਵਸ ਦੀ ਮਹੱਤਤਾ
ਸੱਭਿਆਚਾਰਕ ਪ੍ਰਸ਼ੰਸਾ :
ਸਿਨੇਮਾ ਅਕਸਰ ਫ਼ਿਲਮ ਦੇ ਸੱਭਿਆਚਾਰਕ ਮਹੱਤਵ ਨੂੰ ਉਜਾਗਰ ਕਰਦਾ ਹੈ ਅਤੇ ਦਿਖਾਉਂਦਾ ਹੈ ਕਿ ਸਿਨੇਮਾ ਸਮਾਜਿਕ ਕਦਰਾਂ-ਕੀਮਤਾਂ, ਵਿਸ਼ਵਾਸਾਂ ਅਤੇ ਪਛਾਣਾਂ ਨੂੰ ਕਿਵੇਂ ਪ੍ਰਤੀਬਿੰਬਤ ਅਤੇ ਆਕਾਰ ਦਿੰਦਾ ਹੈ। ਦਸ ਦਈਏ ਕਿ ਇਹ ਲੋਕਾਂ ਨੂੰ ਵੱਖ-ਵੱਖ ਸੱਭਿਆਚਾਰਾਂ ਅਤੇ ਖੇਤਰਾਂ ਦੀਆਂ ਫਿਲਮਾਂ ਦੇਖਣ ਅਤੇ ਪ੍ਰਸ਼ੰਸਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਫਿਲਮ ਸਿੱਖਿਆ ਨੂੰ ਉਤਸ਼ਾਹਿਤ ਕਰਨਾ :
ਰਾਸ਼ਟਰੀ ਸਿਨੇਮਾ ਦਿਵਸ ਫਿਲਮ ਸਿੱਖਿਆ ਅਤੇ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਵਰਤਿਆ ਜਾ ਸਕਦਾ ਹੈ।
ਆਰਥਿਕ ਪ੍ਰਭਾਵ :
ਇਹ ਦਿਵਸ ਵਧੀ ਹੋਈ ਟਿਕਟਾਂ ਦੀ ਵਿਕਰੀ ਰਾਹੀਂ ਫਿਲਮ ਉਦਯੋਗ ਨੂੰ ਉਤਸ਼ਾਹਿਤ ਕਰਕੇ ਆਰਥਿਕ ਮਹੱਤਵ ਵੀ ਰੱਖ ਸਕਦਾ ਹੈ।
ਰਾਸ਼ਟਰੀ ਸਿਨੇਮਾ ਦਿਵਸ ਦਾ ਉਦੇਸ਼
- ਰਾਸ਼ਟਰੀ ਸਿਨੇਮਾ ਦਿਵਸ ਦਾ ਮੁੱਖ ਉਦੇਸ਼ ਲੋਕਾਂ ਦੀਆਂ ਭਾਵਨਾਵਾਂ, ਸਿਨੇਮਾ ਪ੍ਰਤੀ ਜਨੂੰਨ ਅਤੇ ਇਸ ਦੇ ਸੱਭਿਆਚਾਰਕ ਮਹੱਤਵ ਨੂੰ ਉਤਸ਼ਾਹਿਤ ਕਰਨਾ ਹੈ।
- ਸਿਨੇਮਾ ਮਨੋਰੰਜਨ ਦਾ ਵਧੀਆ ਮਾਧਿਅਮ ਹੋਣ ਦੇ ਨਾਲ-ਨਾਲ ਸਮਾਜ, ਸੱਭਿਆਚਾਰ ਅਤੇ ਵਿਚਾਰਧਾਰਾਵਾਂ ਦਾ ਪ੍ਰਤੀਬਿੰਬ ਵੀ ਹੈ।
- ਇਹ ਦਿਨ ਫਿਲਮ ਨਿਰਮਾਤਾਵਾਂ, ਕਲਾਕਾਰਾਂ, ਨਿਰਦੇਸ਼ਕਾਂ, ਟੈਕਨੀਸ਼ੀਅਨਾਂ ਅਤੇ ਫਿਲਮ ਉਦਯੋਗ ਨਾਲ ਜੁੜੇ ਹਰ ਵਿਅਕਤੀ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਹੈ।
- ਇਸ ਦਿਨ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਸਿਨੇਮਾਘਰਾਂ ਵੱਲ ਆਕਰਸ਼ਿਤ ਕਰਨਾ ਅਤੇ ਫਿਲਮਾਂ ਦੇਖਣ ਦੇ ਅਨੁਭਵ ਨੂੰ ਉਤਸ਼ਾਹਿਤ ਕਰਨਾ ਹੈ।
- ਕਈ ਥਾਵਾਂ 'ਤੇ, ਇਸ ਦਿਨ ਵਿਸ਼ੇਸ਼ ਛੋਟ ਜਾਂ ਪੇਸ਼ਕਸ਼ਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਲੋਕ ਵੱਡੇ ਪਰਦੇ 'ਤੇ ਫਿਲਮਾਂ ਦੇਖਣ ਲਈ ਪ੍ਰੇਰਿਤ ਹੋਣ।
- ਇਸ ਦਿਨ ਵਿਸ਼ੇਸ਼ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਸਿਨੇਮਾ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ, ਤਾਂ ਜੋ ਉਹ ਇਸ ਕਲਾ 'ਚ ਵੱਧ ਤੋਂ ਵੱਧ ਦਿਲਚਸਪੀ ਲੈਣ ਅਤੇ ਸਿਨੇਮਾ ਦੇ ਪ੍ਰਭਾਵ ਨੂੰ ਸਮਝ ਸਕਣ।
- ਇਹ ਦਿਨ ਨਾ ਸਿਰਫ਼ ਸਿਨੇਮਾ ਦੇ ਸੁਨਹਿਰੀ ਇਤਿਹਾਸ ਨੂੰ ਯਾਦ ਕਰਨ ਦਾ ਮੌਕਾ ਹੈ ਸਗੋਂ ਇਸ ਦੇ ਭਵਿੱਖ ਨੂੰ ਘੜਨ ਦੀ ਪ੍ਰੇਰਨਾ ਵੀ ਹੈ।
- ਫੋਕਸ ਇਸ ਗੱਲ 'ਤੇ ਹੈ ਕਿ ਸਿਨੇਮਾ ਕਿਵੇਂ ਬਦਲ ਰਿਹਾ ਹੈ, ਅਤੇ ਇਹ ਨਵੀਂ ਤਕਨਾਲੋਜੀ ਨਾਲ ਕਿਵੇਂ ਵਿਕਸਤ ਹੋ ਰਿਹਾ ਹੈ।