Lt General Upendra Dwivedi: ਜਾਣੋ ਕੌਣ ਹਨ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਜਿਨ੍ਹਾਂ ਨੂੰ ਮਿਲੇਗੀ ਭਾਰਤੀ ਫੌਜ ਦੀ ਕਮਾਨ

ਲੈਫਟੀਨੈਂਟ ਜਨਰਲ ਦਿਵੇਦੀ ਤੋਂ ਬਾਅਦ ਫੌਜ ਦੇ ਸਭ ਤੋਂ ਸੀਨੀਅਰ ਅਧਿਕਾਰੀ ਦੱਖਣੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਅਜੇ ਕੁਮਾਰ ਸਿੰਘ ਹਨ।

By  Aarti June 12th 2024 11:59 AM -- Updated: June 12th 2024 12:05 PM

Indian Army Chief Upendra Dwivedi: ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਅਗਲੇ ਆਰਮੀ ਚੀਫ ਹੋਣਗੇ। ਉਹ ਜਨਰਲ ਮਨੋਜ ਪਾਂਡੇ ਦੀ ਥਾਂ ਲੈਣਗੇ। ਜਨਰਲ ਪਾਂਡੇ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਲੈਫਟੀਨੈਂਟ ਜਨਰਲ ਦਿਵੇਦੀ ਇਸ ਸਮੇਂ ਥਲ ਸੈਨਾ ਦੇ ਉਪ-ਮੁਖੀ ਹਨ।

ਇਸ ਸਬੰਧੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰ ਨੇ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਜੋ ਵਰਤਮਾਨ ਵਿੱਚ ਥਲ ਸੈਨਾ ਦੇ ਉਪ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ, ਨੂੰ ਅਗਲਾ ਸੈਨਾ ਮੁਖੀ ਨਿਯੁਕਤ ਕੀਤਾ ਹੈ। ਉਹ 30 ਜੂਨ ਨੂੰ ਆਪਣਾ ਅਹੁਦਾ ਸੰਭਾਲਣਗੇ। 

ਕੌਣ ਹਨ ਲੈਫਟੀਨੈਂਟ ਜਨਰਲ ਦਿਵੇਦੀ?

ਲੈਫਟੀਨੈਂਟ ਜਨਰਲ ਦਿਵੇਦੀ ਨੇ 19 ਫਰਵਰੀ ਨੂੰ ਉਪ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ ਸੀ। ਉਪ ਸੈਨਾ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਲੈਫਟੀਨੈਂਟ ਜਨਰਲ ਦਿਵੇਦੀ 2022-2024 ਤੱਕ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਸੇਵਾ ਨਿਭਾ ਰਹੇ ਸਨ।

ਉਨ੍ਹਾਂ ਦਾ ਜਨਮ 1 ਜੁਲਾਈ 1964 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਸੈਨਿਕ ਸਕੂਲ, ਰੀਵਾ ਤੋਂ ਪ੍ਰਾਪਤ ਕੀਤੀ। ਉਹ 15 ਦਸੰਬਰ 1984 ਨੂੰ ਭਾਰਤੀ ਫੌਜ ਦੀ 18-ਜੰਮੂ ਕਸ਼ਮੀਰ ਰਾਈਫਲਜ਼ ਵਿੱਚ ਸ਼ਾਮਲ ਹੋਏ। ਬਾਅਦ ਵਿਚ ਉਨ੍ਹਾਂ  ਨੇ ਯੂਨਿਟ ਦੀ ਕਮਾਨ ਸੰਭਾਲੀ।

ਅੱਤਵਾਦ ਵਿਰੋਧੀ ਮੁਹਿੰਮਾਂ ’ਚ ਰਹੇ ਹਨ ਸ਼ਾਮਲ

ਉਨ੍ਹਾਂ ਨੇ ਜੰਮੂ-ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮਾਂ ਵੀ ਚੰਗੀ ਤਰ੍ਹਾਂ ਚਲਾਈਆਂ ਹਨ। ਉਪੇਂਦਰ ਦਿਵੇਦੀ ਲੱਦਾਖ 'ਚ ਝੜਪ ਤੋਂ ਬਾਅਦ ਸਬੰਧਾਂ ਨੂੰ ਲੀਹ 'ਤੇ ਲਿਆਉਣ ਲਈ ਚੀਨ ਨਾਲ ਚੱਲ ਰਹੀ ਗੱਲਬਾਤ 'ਚ ਸਰਗਰਮੀ ਨਾਲ ਸ਼ਾਮਲ ਸੀ।

ਉਹ ਭਾਰਤੀ ਫੌਜ ਦੀ ਸਭ ਤੋਂ ਵੱਡੀ ਕਮਾਂਡ ਨੂੰ ਆਧੁਨਿਕ ਬਣਾਉਣ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸਵੈ-ਨਿਰਭਰ ਭਾਰਤ ਦੇ ਤਹਿਤ ਸਵਦੇਸ਼ੀ ਉਪਕਰਣਾਂ ਨੂੰ ਸ਼ਾਮਲ ਕਰਨ ਲਈ ਕੰਮ ਕੀਤਾ। ਕਰੀਬ 40 ਸਾਲਾਂ ਦੇ ਕਰੀਅਰ ਦੌਰਾਨ, ਉਨ੍ਹਾਂ ਨੂੰ 18 ਜੰਮੂ ਅਤੇ ਕਸ਼ਮੀਰ ਰਾਈਫਲਜ਼, 26 ਸੈਕਟਰ ਅਸਾਮ ਰਾਈਫਲਜ਼, ਇੰਸਪੈਕਟਰ ਜਨਰਲ, ਅਸਾਮ ਰਾਈਫਲਜ਼ (ਪੂਰਬੀ) ਅਤੇ 9 ਕੋਰ ਦੀ ਕਮਾਂਡ ਦਿੱਤੀ ਗਈ।

ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਸਰਕਾਰ ਨੇ ਇਕ ਅਚਾਨਕ ਕਦਮ ਚੁੱਕਦੇ ਹੋਏ ਜਨਰਲ ਮਨੋਜ ਪਾਂਡੇ ਦੀ ਸੇਵਾਮੁਕਤੀ ਤੋਂ ਇਕ ਮਹੀਨੇ ਪਹਿਲਾਂ ਉਨ੍ਹਾਂ ਦਾ ਕਾਰਜਕਾਲ ਵਧਾ ਦਿੱਤਾ ਸੀ। ਜਨਰਲ ਪਾਂਡੇ ਨੇ 31 ਮਈ ਨੂੰ ਸੇਵਾਮੁਕਤ ਹੋਣਾ ਸੀ। ਸਰਕਾਰ ਦੇ ਇਸ ਕਦਮ ਕਾਰਨ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਲੈਫਟੀਨੈਂਟ ਜਨਰਲ ਦਿਵੇਦੀ ਨੂੰ ਫੌਜ ਮੁਖੀ ਦੇ ਅਹੁਦੇ ਲਈ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਹੁਣ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਫੌਜ ਦੇ ਅੱਡੇ 'ਤੇ ਕੀਤਾ ਹਮਲਾ, 1 ਅੱਤਵਾਦੀ ਢੇਰ

Related Post