Lithium Mines : ਭਾਰਤ 'ਚ ਪਹਿਲੀ ਵਾਰ ਕੀਤੀ ਜਾਵੇਗੀ 'ਵ੍ਹਾਈਟ ਗੋਲਡ'ਦੀ ਖੁਦਾਈ, 3500 ਕਿਲੋਮੀਟਰ ਤੱਕ ਜ਼ਮੀਨ ਹੇਠਾਂ ਦੱਬੀ ਇਹ ਦੁਰਲੱਭ ਧਾਤ, ਜਾਣੋ ਕਿੱਥੇ

ਭਾਰਤ ਦੇ ਕੁਝ ਰਾਜਾਂ 'ਚ 'ਲਿਥੀਅਮ' ਦੇ ਵੱਡੇ ਭੰਡਾਰ ਪਾਏ ਗਏ ਹਨ। ਤੀਸਗੜ੍ਹ 'ਚ ਭਾਰਤ ਦੀ ਪਹਿਲੀ 'ਲਿਥੀਅਮ' ਖਾਨ 'ਚੋਂ ਇਸ ਦੁਰਲੱਭ ਧਾਤ ਨੂੰ ਕੱਢਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪੜ੍ਹੋ ਪੂਰੀ ਖਬਰ...

By  Dhalwinder Sandhu August 19th 2024 02:08 PM

India First Lithium Mines : ਅੱਜਕਲ੍ਹ ਪੂਰੀ ਦੁਨੀਆਂ 'ਚ ਨਾਜ਼ੁਕ ਖਣਿਜਾਂ ਦੀ ਬਹੁਤ ਮੰਗ ਹੈ। ਨਾਜ਼ੁਕ ਖਣਿਜ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਉਪਲਬਧਤਾ ਬਹੁਤ ਸੀਮਤ ਹੈ, ਪਰ ਮੰਗ ਜ਼ਿਆਦਾ ਹੁੰਦੀ ਹੈ। ਐਂਟੀਮਨੀ, ਬੇਰੀਲੀਅਮ, ਬਿਸਮਥ, ਕੋਬਾਲਟ, ਤਾਂਬਾ, ਗੈਲਿਅਮ ਸਮੇਤ 30 ਧਾਤਾਂ ਹਨ, ਜਿਨ੍ਹਾਂ ਨੂੰ ਨਾਜ਼ੁਕ ਖਣਿਜਾਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। 'ਲਿਥੀਅਮ' ਵੀ ਇਕ ਅਜਿਹੀ ਧਾਤ ਹੈ, ਜਿਸ ਨੂੰ 'ਚਿੱਟਾ ਸੋਨਾ' ਕਿਹਾ ਜਾਂਦਾ ਹੈ। ਮਾਹਿਰਾਂ ਮੁਤਾਬਕ 'ਲਿਥੀਅਮ' ਦੇ ਭੰਡਾਰ ਕਿਸੇ ਵੀ ਦੇਸ਼ ਨੂੰ ਅਮੀਰ ਬਣਾ ਸਕਦੇ ਹਨ। ਕਿਉਂਕਿ ਇਹ ਧਾਤ ਜ਼ਿਆਦਾਤਰ ਰੀਚਾਰਜਯੋਗ ਬੈਟਰੀਆਂ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾਂ ਸਕਦਾ ਹੈ ਕਿ ਜਿਸ ਤਰ੍ਹਾਂ ਪੂਰੀ ਦੁਨੀਆਂ 'ਚ ਇਲੈਕਟ੍ਰਿਕ ਵਾਹਨਾਂ ਅਤੇ ਰੀਚਾਰਜਯੋਗ ਇਲੈਕਟ੍ਰਿਕ ਉਤਪਾਦਾਂ ਦੀ ਮੰਗ ਵਧ ਰਹੀ ਹੈ।

ਭਾਰਤ ਦੇ ਕੁਝ ਰਾਜਾਂ 'ਚ 'ਲਿਥੀਅਮ' ਦੇ ਵੱਡੇ ਭੰਡਾਰ ਪਾਏ ਗਏ ਹਨ। ਭਾਰਤੀ ਭੂ-ਵਿਗਿਆਨਕ ਸਰਵੇਖਣ ਨੇ ਜੰਮੂ-ਕਸ਼ਮੀਰ, ਕਰਨਾਟਕ, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਇਸ ਦੇ ਭੰਡਾਰਾਂ ਦੀ ਖੋਜ ਕੀਤੀ ਹੈ ਅਤੇ ਬਿਹਾਰ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਗੁਜਰਾਤ 'ਚ ਵੀ 'ਲਿਥੀਅਮ' ਦੇ ਭੰਡਾਰ ਹੋਣ ਦੀ ਸੰਭਾਵਨਾ ਹੈ। ਛੱਤੀਸਗੜ੍ਹ 'ਚ ਭਾਰਤ ਦੀ ਪਹਿਲੀ 'ਲਿਥੀਅਮ' ਖਾਨ 'ਚੋਂ ਇਸ ਦੁਰਲੱਭ ਧਾਤ ਨੂੰ ਕੱਢਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਛੱਤੀਸਗੜ੍ਹ 'ਚ 'ਲਿਥੀਅਮ' ਦੇ ਭੰਡਾਰ ਕਿੱਥੇ ਹਨ?

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਸਥਿਤ ਕਾਠਘੋਰਾ ਖੇਤਰ 'ਚ ਭਾਰਤ ਦੀ ਪਹਿਲੀ 'ਲਿਥੀਅਮ' ਖਾਨ ਤੋਂ ਖੁਦਾਈ ਸ਼ੁਰੂ ਹੋਣ ਵਾਲੀ ਹੈ। ਦਸ ਦਈਏ ਕਿ ਇਹ ਲਿਥੀਅਮ ਖਾਨ ਸੂਬੇ ਦੀ ਰਾਜਧਾਨੀ ਰਾਏਪੁਰ ਤੋਂ 200 ਕਿਲੋਮੀਟਰ ਦੂਰ ਹੈ। ਇਸ ਨੂੰ ਖੋਲ੍ਹਣ ਦਾ ਐਲਾਨ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ ਦੀ 12 ਅਗਸਤ ਨੂੰ ਨਵੀਂ ਦਿੱਲੀ 'ਚ ਹੋਈ ਮੀਟਿੰਗ 'ਚ ਕੀਤਾ ਗਿਆ। GSI ਨੇ ਲਗਭਗ 250 ਹੈਕਟੇਅਰ 'ਚ 10 ਤੋਂ 2,000 ਪਾਰਟਸ ਪ੍ਰਤੀ ਮਿਲੀਅਨ (ppm) ਦੇ ਵਿਚਕਾਰ 'ਲਿਥੀਅਮ' ਦੀ ਉਪਲਬਧਤਾ ਦੀ ਪੁਸ਼ਟੀ ਕੀਤੀ ਹੈ।

ਛੱਤੀਸਗੜ੍ਹ ਦੇ ਮੁੱਖ ਮੰਤਰੀ ਦੀ ਤਰਫੋਂ ਨਵੀਂ ਦਿੱਲੀ 'ਚ ਹੋਈ ਇਸ ਮੀਟਿੰਗ 'ਚ ਰਾਜ ਦੇ ਸਿਹਤ ਮੰਤਰੀ ਸ਼ਿਆਮ ਬਿਹਾਰੀ ਜੈਸਵਾਲ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ "ਰਾਜ ਵਿੱਚ ਲਿਥੀਅਮ ਦੀਆਂ ਖਾਣਾਂ ਦੇ ਖੁੱਲਣ ਨਾਲ, ਛੱਤੀਸਗੜ੍ਹ 2047 ਤੱਕ ਇੱਕ ਵਿਕਸਤ ਭਾਰਤ ਦੇ ਵਿਜ਼ਨ 'ਚ ਵਧੇਰੇ ਯੋਗਦਾਨ ਪਾਉਣ ਲਈ ਦੇਸ਼ ਦੇ ਮੋਹਰੀ ਰਾਜਾਂ 'ਚੋਂ ਇੱਕ ਬਣ ਜਾਵੇਗਾ।"

ਲਿਥੀਅਮ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ?

ਲਿਥੀਅਮ ਵਰਗੇ ਨਾਜ਼ੁਕ ਖਣਿਜਾਂ ਦੀ ਵਰਤੋਂ ਇਲੈਕਟ੍ਰਿਕ ਵਾਹਨਾਂ (EV), ਮੋਬਾਈਲ ਫੋਨਾਂ, ਲੈਪਟਾਪਾਂ, ਬਲੂਟੁੱਥ ਸਪੀਕਰਾਂ ਅਤੇ ਹੋਰ ਕਈ ਇਲੈਕਟ੍ਰਾਨਿਕ ਉਪਕਰਣਾਂ ਲਈ ਬੈਟਰੀਆਂ ਦੇ ਨਿਰਮਾਣ 'ਚ ਕੀਤੀ ਜਾਂਦੀ ਹੈ। ਨਾਜ਼ੁਕ ਖਣਿਜਾਂ, ਨਵਿਆਉਣਯੋਗ ਊਰਜਾ, ਰੱਖਿਆ, ਖੇਤੀਬਾੜੀ, ਫਾਰਮਾਸਿਊਟੀਕਲ, ਉੱਚ-ਤਕਨੀਕੀ ਇਲੈਕਟ੍ਰੋਨਿਕਸ, ਦੂਰਸੰਚਾਰ ਅਤੇ ਆਵਾਜਾਈ ਲਈ ਇੱਕ ਮਹੱਤਵਪੂਰਨ ਅਤੇ ਰਣਨੀਤਕ ਧਾਤ ਹੈ। ਇਸ ਸਮੇਂ ਭਾਰਤ ਇਨ੍ਹਾਂ ਧਾਤਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕਰਦਾ ਹੈ।

ਦੇਸ਼ 'ਚ ਲਿਥੀਅਮ ਦੇ ਹੋਰ ਭੰਡਾਰ ਕਿੱਥੇ ਹਨ?

ਭਾਰਤੀ ਭੂ-ਵਿਗਿਆਨ ਸਰਵੇਖਣ ਨੇ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਸਲਾਲ-ਹੈਮਾਨਾ ਖੇਤਰ 'ਚ ਲਿਥੀਅਮ ਦੇ ਭੰਡਾਰ ਦੀ ਖੋਜ ਕੀਤੀ ਹੈ। ਪਰ ਖਾਸ ਗੱਲ ਇਹ ਹੈ ਕਿ ਇਹ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਲਿਥੀਅਮ ਭੰਡਾਰ ਹੈ। ਨਾਲ ਹੀ ਕਰਨਾਟਕ ਦੇ ਮਾਂਡਿਆ ਜ਼ਿਲੇ 'ਚ ਕੀਤੇ ਗਏ ਸਰਵੇਖਣ 'ਚ ਕਰੀਬ 14,100 ਟਨ ਲਿਥੀਅਮ ਦੇ ਭੰਡਾਰ ਹੋਣ ਦਾ ਸੰਕੇਤ ਦਿੱਤਾ ਗਿਆ ਹੈ। ਰਾਜਸਥਾਨ ਦੇ ਨਾਗੌਰ ਦੇ ਡੇਗਾਨਾ 'ਚ ਵੀ ਲਿਥੀਅਮ ਦੇ ਭੰਡਾਰ ਹਨ।

ਚੀਨ ਦਾ ਏਕਾਧਿਕਾਰ ਖਤਮ ਹੋ ਜਾਵੇਗਾ 

ਪੂਰੀ ਦੁਨੀਆਂ 'ਚ ਚਿਲੀ, ਆਸਟ੍ਰੇਲੀਆ ਅਤੇ ਅਰਜਨਟੀਨਾ ਕੋਲ ਲਿਥੀਅਮ ਦੇ ਵੱਡੇ ਭੰਡਾਰ ਹਨ। ਨਾਲ ਹੀ ਇਹ ਨਾਜ਼ੁਕ ਖਣਿਜ ਅਮਰੀਕਾ, ਬੋਲੀਵੀਆ ਅਤੇ ਚੀਨ 'ਚ ਵੀ ਪਾਇਆ ਜਾਂਦਾ ਹੈ। ਪਰ, ਚੀਨ ਵੱਡੇ ਪੱਧਰ 'ਤੇ ਲਿਥੀਅਮ ਦੀ ਵਰਤੋਂ ਕਰ ਰਿਹਾ ਹੈ। ਲਿਥੀਅਮ ਆਇਨ ਬੈਟਰੀਆਂ ਚੀਨ 'ਚ ਪੈਦਾ ਹੁੰਦੀਆਂ ਹਨ ਅਤੇ ਦੁਨੀਆ 'ਚ ਪੈਦਾ ਹੋਣ ਵਾਲੀਆਂ ਲਿਥੀਅਮ ਬੈਟਰੀਆਂ 'ਚੋ 77 ਪ੍ਰਤੀਸ਼ਤ ਚੀਨ 'ਚ ਬਣਦੀਆਂ ਹਨ। ਪਰ ਹੈਰਾਨੀਜਨਕ ਗੱਲ ਇਹ ਹੈ ਕਿ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਲਿਥੀਅਮ ਆਇਨ ਬੈਟਰੀਆਂ ਭਾਰਤ ਤੋਂ ਮੰਗਵਾਈਆਂ ਜਾਂਦੀਆਂ ਹਨ।

ਵੈਸੇ ਤਾਂ ਹੁਣ ਦੇਸ਼ 'ਚ ਮਿਲੇ ਲਿਥੀਅਮ ਦੇ ਭੰਡਾਰ ਨਾਲ ਅਸੀਂ ਆਪਣੀਆਂ 80 ਫੀਸਦੀ ਲਿਥੀਅਮ ਜ਼ਰੂਰਤਾਂ ਨੂੰ ਪੂਰਾ ਕਰ ਸਕਾਂਗੇ। ਅਜਿਹੇ 'ਚ ਅਸੀਂ ਲਿਥੀਅਮ ਅਤੇ ਲਿਥੀਅਮ ਬੈਟਰੀਆਂ ਨੂੰ ਦੂਜੇ ਦੇਸ਼ਾਂ ਨੂੰ ਐਕਸਪੋਰਟ ਕਰ ਸਕਾਂਗੇ। ਨਾਲ ਹੀ ਦੇਸ਼ 'ਚ ਲਿਥੀਅਮ ਦੀ ਮਾਈਨਿੰਗ ਕਾਰਨ ਲਿਥੀਅਮ ਇਨਪੁਟ ਲਾਗਤ ਘੱਟ ਜਾਵੇਗੀ, ਜਿਸ ਨਾਲ ਇਲੈਕਟ੍ਰਾਨਿਕ ਸਾਮਾਨ ਸਸਤਾ ਹੋ ਸਕਦਾ ਹੈ। ਇਸ ਸਮੇਂ ਭਾਰਤ ਹਰ ਸਾਲ ਇੱਕ ਬਿਲੀਅਨ ਡਾਲਰ ਤੋਂ ਵੱਧ ਮੁੱਲ ਦਾ ਲਿਥੀਅਮ ਦਰਾਮਦ ਕਰਦਾ ਹੈ। ਚੀਨ 'ਚ ਇਕ ਟਨ ਲਿਥੀਅਮ ਦੀ ਕੀਮਤ ਲਗਭਗ 51,19,375 ਰੁਪਏ ਹੈ।

ਇਹ ਵੀ ਪੜ੍ਹੋ : Lotus Cucumber Benefits : ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਲਾਹੇਵੰਦ ਹੈ, ਕਮਲ ਖੀਰੇ ਦਾ ਸੇਵਨ

Related Post