Wheat crisis in Punjab : ਪੰਜਾਬ 'ਤੇ 'ਕਣਕ ਸੰਕਟ' ਦੇ ਬੱਦਲ ! ਜ਼ਿਆਦਾਤਰ ਮਿੱਲਾਂ ਬੰਦ ਹੋਣ ਕੰਢੇ, ਆਟੇ ਦਾ ਭਾਅ 40 ਰੁਪਏ ਕਿਲੋ ਤੱਕ ਪਹੁੰਚਿਆ
Punjab Wheat crisis : ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਤੋਂ ਇਸਦੇ ਹੱਲ ਦੀ ਮੰਗ ਕੀਤੀ ਗਈ ਹੈ। ਨਰੇਸ਼ ਘਈ ਨੇ ਕਿਹਾ ਕਿ ਹੁਣ ਕਣਕ ਅਪ੍ਰੈਲ ਵਿੱਚ ਪੰਜਾਬ ਆਵੇਗੀ। ਪਰ ਤਿੰਨ ਮਹੀਨੇ ਪਹਿਲਾਂ ਸਟਾਕ ਖਤਮ ਹੋਣ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋਣਗੀਆਂ।
Punjab Wheat crisis : ਇਨ੍ਹੀਂ ਦਿਨੀਂ ਪੰਜਾਬ ਅੰਦਰ ਕਣਕ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕਣਕ ਦੀ ਕਮੀ ਕਾਰਨ ਜ਼ਿਆਦਾਤਰ ਆਟਾ ਮਿੱਲਾਂ ਬੰਦ ਹੋ ਗਈਆਂ ਹਨ। ਆਟਾ ਨਹੀਂ ਬਣ ਰਿਹਾ। ਇਸ ਕਾਰਨ ਆਟੇ ਦੀ ਕੀਮਤ ਵੀ 40 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਤੋਂ ਇਸਦੇ ਹੱਲ ਦੀ ਮੰਗ ਕੀਤੀ ਗਈ ਹੈ।
ਟੈਂਡਰ 3200 ਰੁਪਏ ਤੱਕ ਗਿਆ
ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਘਈ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਕਣਕ ਆਉਣ ਤੋਂ ਬਹੁਤ ਪਹਿਲਾਂ ਹੀ ਪੰਜਾਬ ਵਿੱਚ ਕਣਕ ਦੀ ਘਾਟ ਆ ਗਈ। ਇਸ ਕਾਰਨ ਆਟੇ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਹਨ। ਐਫਸੀਆਈ ਵੱਲੋਂ ਰਾਜਾਂ ਨੂੰ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ, ਪਰ ਇਸ ਵਾਰ ਟੈਂਡਰ ਉਪਲਬਧ ਨਾ ਹੋਣ ਕਾਰਨ ਦੇਰੀ ਹੋਈ ਹੈ। ਸਟਾਕ ਮਿੱਲਾਂ ਅੰਦਰ ਨਹੀਂ ਹੈ। ਪੰਜਾਬ ਵਿੱਚ ਆਟੇ ਦੀ ਵੀ ਘਾਟ ਹੈ। ਜ਼ਿਆਦਾਤਰ ਆਟਾ ਮਿੱਲਾਂ ਵਿੱਚ ਕੰਮ ਠੱਪ ਹੋ ਗਿਆ ਹੈ। ਮਿੱਲ ਮਾਲਕਾਂ ਕੋਲ ਕਣਕ ਦਾ ਸਟਾਕ ਨਹੀਂ ਹੈ। ਦਰਅਸਲ, ਭਾਰਤੀ ਖੁਰਾਕ ਨਿਗਮ (FCI) ਰਾਹੀਂ ਮਿੱਲਾਂ ਤੱਕ ਪਹੁੰਚਣ ਵਾਲੀ ਸਸਤੀ ਕਣਕ ਦੀ ਸਪਲਾਈ ਰੁਕ ਗਈ ਹੈ। ਕੱਲ੍ਹ ਲਗਾਏ ਗਏ ਟੈਂਡਰਾਂ ਵਿੱਚ ਰੇਟ 3200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਜਦੋਂ ਕਿ ਕਣਕ ਦਾ ਸਰਕਾਰੀ ਰੇਟ 2325 ਰੁਪਏ ਪ੍ਰਤੀ ਕੁਇੰਟਲ ਹੈ।
ਪੰਜਾਬ ਤੋਂ 45% ਕਣਕ ਖਰੀਦੀ ਗਈ
ਪ੍ਰਧਾਨ ਨਰੇਸ਼ ਘਈ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ, ਸਰਕਾਰ ਵੱਲੋਂ ਦੇਸ਼ ਭਰ ਵਿੱਚ ਲਗਭਗ 262 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ। ਲਗਭਗ 123 ਲੱਖ ਮੀਟ੍ਰਿਕ ਟਨ ਕਣਕ, ਜੋ ਕਿ ਲਗਭਗ 45 ਪ੍ਰਤੀਸ਼ਤ ਬਣਦੀ ਹੈ, ਇਕੱਲੇ ਪੰਜਾਬ ਤੋਂ ਖਰੀਦੀ ਗਈ। ਪੰਜਾਬ ਦੀਆਂ ਆਟਾ ਮਿੱਲਾਂ ਕੋਲ ਸਿਰਫ਼ 6 ਮਹੀਨਿਆਂ ਦਾ ਸਟਾਕ ਹੁੰਦਾ ਹੈ। ਸਟਾਕ ਰੋਜ਼ਾਨਾ ਪੋਰਟਲ 'ਤੇ ਅਪਲੋਡ ਕੀਤਾ ਜਾਂਦਾ ਹੈ। ਹੁਣ ਕਣਕ ਅਪ੍ਰੈਲ ਵਿੱਚ ਪੰਜਾਬ ਆਵੇਗੀ। ਪਰ ਤਿੰਨ ਮਹੀਨੇ ਪਹਿਲਾਂ ਸਟਾਕ ਖਤਮ ਹੋਣ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋਣਗੀਆਂ। ਕੁਝ ਦਿਨ ਪਹਿਲਾਂ ਸਾਨੂੰ ਹਰਿਆਣਾ ਅਤੇ ਰਾਜਸਥਾਨ ਤੋਂ ਕਣਕ ਮਿਲੀ ਸੀ, ਹੁਣ ਉੱਥੇ ਵੀ ਕੋਈ ਸਟਾਕ ਨਹੀਂ ਹੈ। ਜੇਕਰ ਕੇਂਦਰ ਸਰਕਾਰ ਜਲਦੀ ਸਮੱਸਿਆ ਹੱਲ ਨਹੀਂ ਕਰਦੀ ਤਾਂ ਆਟੇ ਦੀ ਕੀਮਤ ਕਾਫ਼ੀ ਵੱਧ ਜਾਵੇਗੀ।
ਆਟੇ ਅਤੇ ਬਰੈੱਡ ਦੀ ਕੀਮਤ ਵਧੇਗੀ
ਪ੍ਰਧਾਨ ਘਈ ਨੇ ਕਿਹਾ ਕਿ ਆਟੇ ਦੀ ਕੀਮਤ ਵਿੱਚ ਵਾਧੇ ਨਾਲ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਪ੍ਰਚੂਨ ਬਾਜ਼ਾਰ ਵਿੱਚ ਮੈਦੇ ਦੀ ਕੀਮਤ ਦਸ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧ ਸਕਦੀ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਵੱਖ-ਵੱਖ ਬ੍ਰਾਂਡਾਂ ਦੀਆਂ ਬਰੈੱਡ ਵੀ ਮਹਿੰਗੀਆਂ ਹੋ ਸਕਦੀਆਂ ਹਨ। ਜੇਕਰ ਆਟੇ ਦੀਆਂ ਕੀਮਤਾਂ ਨੂੰ ਜਲਦੀ ਕੰਟਰੋਲ ਨਾ ਕੀਤਾ ਗਿਆ ਤਾਂ ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।