What is Enemy Property : ਦੁਸ਼ਮਣ ਜਾਇਦਾਦ ਕੀ ਹੁੰਦੀ ਹੈ ? ਜਾਣੋ ਭਾਰਤ ਕੋਲ੍ਹ ਕਿੰਨ੍ਹੀ ਹੈ ?

ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਪਰਿਵਾਰ ਦੀਆਂ ਜਾਇਦਾਦਾਂ ਦੀ ਨਿਲਾਮੀ ਹੋਣ ਜਾ ਰਹੀ ਹੈ। ਇਨ੍ਹਾਂ ਨੂੰ ਦੁਸ਼ਮਣ ਦੀ ਜਾਇਦਾਦ ਐਲਾਨਿਆ ਗਿਆ ਹੈ। ਇਹ ਕੀ ਹੈ, ਜਾਣੋ

By  Dhalwinder Sandhu September 3rd 2024 01:07 PM

What is Enemy Property : ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਪਰਿਵਾਰ ਦੀਆਂ ਜਾਇਦਾਦਾਂ ਦੀ ਨਿਲਾਮੀ ਕਰਨ ਜਾ ਰਹੀ ਹੈ। ਪਰਵੇਜ਼ ਮੁਸ਼ੱਰਫ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਰਹਿਣ ਵਾਲਾ ਸੀ ਅਤੇ ਵੰਡ ਵੇਲੇ ਪਾਕਿਸਤਾਨ ਚਲਾ ਗਿਆ ਸੀ। ਉਨ੍ਹਾਂ ਦੇ ਪਰਿਵਾਰ ਕੋਲ ਬਾਗਪਤ ਦੇ ਕੋਟਾਨਾ ਪਿੰਡ 'ਚ ਕਰੀਬ 13 ਵਿੱਘੇ ਜ਼ਮੀਨ ਹੈ। ਜਿਸ ਨੂੰ 'ਦੁਸ਼ਮਣ ਜਾਇਦਾਦ' ਐਲਾਨਿਆ ਗਿਆ ਹੈ। ਹੁਣ ਇਸ ਦੀ ਨਿਲਾਮੀ 5 ਸਤੰਬਰ ਨੂੰ 'ਦੁਸ਼ਮਣ ਜਾਇਦਾਦ ਕਾਨੂੰਨ' ਤਹਿਤ ਹੋਵੇਗੀ।

ਪਰਵੇਜ਼ ਮੁਸ਼ੱਰਫ ਦੇ ਪਿਤਾ ਮੁਸ਼ੱਰਫੂਦੀਨ ਅਤੇ ਮਾਂ ਬੇਗਮ ਜ਼ਰੀਨਾ ਕੋਟਾਨਾ ਪਿੰਡ ਦੇ ਰਹਿਣ ਵਾਲੇ ਸਨ। ਸਾਲ 1943 'ਚ ਦੋਵੇਂ ਦਿੱਲੀ ਸ਼ਿਫਟ ਹੋ ਗਏ। ਉਨ੍ਹਾਂ ਦੇ ਭਰਾ ਡਾਕਟਰ ਜਾਵੇਦ ਮੁਸ਼ੱਰਫ਼ ਦਾ ਜਨਮ ਦਿੱਲੀ 'ਚ ਹੋਇਆ ਸੀ। ਪਰਿਵਾਰ ਬਾਗਪਤ ਨੂੰ ਆਉਂਦਾ-ਜਾਂਦਾ ਰਿਹਾ। ਜਦੋਂ 1947 'ਚ ਵੰਡ ਹੋਈ ਤਾਂ ਮੁਸ਼ੱਰਫੂਦੀਨ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲੇ ਗਏ। ਪਰਵੇਜ਼ ਮੁਸ਼ੱਰਫ਼ ਦੇ ਹਿੱਸੇ ਦੀ ਜ਼ਮੀਨ ਪਹਿਲਾਂ ਹੀ ਵਿਕ ਚੁੱਕੀ ਸੀ। ਬਾਗਪਤ 'ਚ ਡਾਕਟਰ ਜਾਵੇਦ ਅਤੇ ਪਰਿਵਾਰ ਦੇ 13 ਮੈਂਬਰਾਂ ਦੀ ਜ਼ਮੀਨ ਅਤੇ ਮਹਿਲ ਰਹਿ ਗਈ ਸੀ। ਹਵੇਲੀ ਚਚੇਰੇ ਭਰਾ ਹੁਮਾਯੂੰ ਦੇ ਨਾਂ 'ਤੇ ਰਜਿਸਟਰਡ ਸੀ। ਇਸ ਜ਼ਮੀਨ ਨੂੰ ਸਰਕਾਰ ਨੇ ਦੁਸ਼ਮਣ ਜਾਇਦਾਦ ਐਲਾਨ ਕਰ ਦਿੱਤਾ ਸੀ।

ਦੁਸ਼ਮਣ ਜਾਇਦਾਦ ਕੀ ਹੁੰਦੀ ਹੈ?

ਆਮ ਭਾਸ਼ਾ 'ਚ ਇਸ ਦਾ ਅਰਥ ਉਹ ਜਾਇਦਾਦ ਹੈ ਜੋ ਦੇਸ਼ ਦੇ ਦੁਸ਼ਮਣ ਦੀ ਹੈ। ਦੁਸ਼ਮਣ ਤੋਂ ਸਾਡਾ ਮਤਲਬ ਉਹ ਲੋਕ ਹਨ ਜੋ ਹੁਣ ਪਾਕਿਸਤਾਨ ਅਤੇ ਚੀਨ ਦੇ ਨਾਗਰਿਕ ਬਣ ਚੁੱਕੇ ਹਨ। 1947 ਦੀ ਵੰਡ ਦੌਰਾਨ ਹਜ਼ਾਰਾਂ ਲੋਕ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ। ਉਹ ਚੱਲ ਜਾਇਦਾਦ ਆਪਣੇ ਨਾਲ ਲੈ ਗਏ ਪਰ ਜ਼ਮੀਨ, ਮਕਾਨ ਆਦਿ ਅਚੱਲ ਜਾਇਦਾਦਾਂ ਇੱਥੇ ਹੀ ਰਹਿ ਗਈਆਂ। ਫਿਰ ਸਰਕਾਰ ਨੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਦੁਸ਼ਮਣ ਜਾਇਦਾਦ ਕਿਹਾ ਜਾਂਦਾ ਹੈ।

ਦੁਸ਼ਮਣ ਜਾਇਦਾਦ ਦੀ ਇੱਕ ਹੋਰ ਕਿਸਮ ਹੈ। ਜਦੋਂ ਦੋ ਮੁਲਕਾਂ ਦਰਮਿਆਨ ਜੰਗ ਛਿੜ ਜਾਂਦੀ ਹੈ ਅਤੇ ਦੁਸ਼ਮਣ ਮੁਲਕ ਦੇ ਨਾਗਰਿਕ ਦੀ ਕਿਸੇ ਹੋਰ ਮੁਲਕ 'ਚ ਜਾਇਦਾਦ ਹੁੰਦੀ ਹੈ ਤਾਂ ਸਰਕਾਰ ਉਸ ਨੂੰ ‘ਦੁਸ਼ਮਣ ਜਾਇਦਾਦ’ ਕਰਾਰ ਦੇ ਕੇ ਆਪਣੇ ਕਬਜ਼ੇ 'ਚ ਲੈ ਲੈਂਦੀ ਹੈ। ਤਾਂ ਜੋ ਦੁਸ਼ਮਣ ਦੇਸ਼ ਜੰਗ 'ਚ ਇਸਦਾ ਫਾਇਦਾ ਨਾ ਚੁੱਕ ਸਕੇ। ਜਦੋਂ 1962 'ਚ ਭਾਰਤ ਅਤੇ ਚੀਨ ਵਿਚਕਾਰ ਯੁੱਧ ਹੋਇਆ ਅਤੇ 1965 ਅਤੇ 1971 'ਚ ਪਾਕਿਸਤਾਨ ਨਾਲ ਯੁੱਧ ਹੋਇਆ, ਤਾਂ ਭਾਰਤ ਨੇ ਦੁਸ਼ਮਣ ਜਾਇਦਾਦ ਕਾਨੂੰਨ ਦੇ ਤਹਿਤ ਆਪਣੇ ਨਾਗਰਿਕਾਂ ਦੀ ਜਾਇਦਾਦ ਵੀ ਆਪਣੇ ਕਬਜ਼ੇ 'ਚ ਲੈ ਲਈ। ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਅਤੇ ਬਰਤਾਨੀਆ ਨੇ ਇਸ ਤਰੀਕੇ ਨਾਲ ਬਹੁਤ ਸਾਰੇ ਜਰਮਨ ਨਾਗਰਿਕਾਂ ਦੀ ਜਾਇਦਾਦ ਆਪਣੇ ਕਬਜ਼ੇ 'ਚ ਲੈ ਲਈ ਸੀ।

ਦੁਸ਼ਮਣ ਜਾਇਦਾਦ ਕਾਨੂੰਨ ਕੀ ਹੈ?

ਸਾਲ 1968 'ਚ, 'ਦੁਸ਼ਮਣ ਜਾਇਦਾਦ ਕਾਨੂੰਨ' ਸੰਸਦ ਦੁਆਰਾ ਪਾਸ ਕੀਤਾ ਗਿਆ ਸੀ। ਦਸ ਦਈਏ ਕਿ ਇਹ ਕਾਨੂੰਨ ਖਾਸ ਤੌਰ 'ਤੇ ਚੀਨ ਅਤੇ ਪਾਕਿਸਤਾਨ ਨਾਲ ਲੜਾਈ ਤੋਂ ਬਾਅਦ ਲਿਆਂਦਾ ਗਿਆ ਸੀ। ਕਾਨੂੰਨ 'ਚ ਇੱਕ ਵਿਵਸਥਾ ਕੀਤੀ ਗਈ ਸੀ ਕਿ ਜਿਹੜੇ ਲੋਕ ਪਾਕਿਸਤਾਨ ਅਤੇ ਚੀਨ ਚਲੇ ਗਏ ਸਨ, ਉਨ੍ਹਾਂ ਦੇ ਵਾਰਸਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੁਆਰਾ ਛੱਡੀ ਗਈ ਜਾਇਦਾਦ 'ਤੇ ਅਧਿਕਾਰ ਨਹੀਂ ਹੋਵੇਗਾ। ਅਜਿਹੀ ਜਾਇਦਾਦ ਨੂੰ 'ਦੁਸ਼ਮਣ ਜਾਇਦਾਦ' ਕਿਹਾ ਜਾਵੇਗਾ। ਇਸ ਕਾਨੂੰਨ 'ਚ ਪਹਿਲੀ ਵਾਰ ਅਜਿਹੇ ਨਾਗਰਿਕਾਂ ਦੀ ਜਾਇਦਾਦ, ਜਿਨ੍ਹਾਂ ਦੇ ਪੁਰਖੇ ਕਿਸੇ ਦੁਸ਼ਮਣ ਦੇਸ਼ ਦੇ ਨਾਗਰਿਕ ਸਨ, ਨੂੰ ਵੀ ‘ਦੁਸ਼ਮਣ ਜਾਇਦਾਦ’ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਸ ਕਾਨੂੰਨ 'ਚ ਸਾਲ 2017 'ਚ ਸੋਧ ਵੀ ਕੀਤੀ ਗਈ ਸੀ।

ਭਾਰਤ 'ਚ ਕਿੰਨੀਆਂ ਦੁਸ਼ਮਣ ਜਾਇਦਾਦਾਂ ਹਨ?

'ਦੁਸ਼ਮਣ ਜਾਇਦਾਦ' ਦਾ ਪ੍ਰਬੰਧਨ CEPI ਦੁਆਰਾ ਕੀਤਾ ਜਾਂਦਾ ਹੈ, ਭਾਵ ਭਾਰਤ ਲਈ ਦੁਸ਼ਮਣ ਜਾਇਦਾਦ ਦਾ ਰਖਵਾਲਾ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਦੇਸ਼ ਭਰ 'ਚ ਕੁੱਲ 13,252 ਦੁਸ਼ਮਣ ਜਾਇਦਾਦਾਂ ਹਨ। ਜਿੰਨ੍ਹਾਂ 'ਚੋਂ 12,485 ਸੰਪਤੀਆਂ ਪਾਕਿਸਤਾਨੀ ਨਾਗਰਿਕਾਂ ਦੀਆਂ ਹਨ, ਜਦਕਿ 126 ਚੀਨੀ ਨਾਗਰਿਕਾਂ ਦੀਆਂ ਹਨ। ਜੇਕਰ ਅਸੀਂ ਸੂਬੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਉੱਤਰ ਪ੍ਰਦੇਸ਼ 'ਚ ਸਭ ਤੋਂ ਵੱਧ 6255 ਦੁਸ਼ਮਣ ਜਾਇਦਾਦਾਂ ਹਨ। ਜਦੋਂ ਕਿ ਬੰਗਾਲ 'ਚ 4088 ਜਾਇਦਾਦਾਂ ਹਨ।

ਇਹ ਵੀ ਪੜ੍ਹੋ : Heavy Rain : ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ 'ਚ ਕੁਦਰਤ ਦਾ ਕਹਿਰ, ਭਾਰੀ ਮੀਂਹ ਕਾਰਨ 35 ਲੋਕਾਂ ਦੀ ਮੌਤ, IMD ਨੇ ਜਾਰੀ ਕੀਤੀ ਚੇਤਾਵਨੀ

Related Post