ਬੱਦਲ ਕਦੋਂ ਤੇ ਕਿਵੇਂ ਫਟਦਾ ਹੈ? ਜਾਣੋ ਇਹ ਪਹਾੜਾਂ 'ਤੇ ਹੀ ਕਿਉਂ ਫਟਦੇ ਹਨ?

ਮਾਹਰਾਂ ਅਨੁਸਾਰ ਬੱਦਲਾਂ 'ਚ ਨਮੀ ਹੁੰਦੀ ਹੈ। ਜਦੋਂ ਇਹ ਨਮੀ ਵਧ ਜਾਂਦੀ ਹੈ ਤਾਂ ਬੱਦਲਾਂ ਦੀ ਘਣਤਾ ਵਧ ਜਾਂਦੀ ਹੈ। ਜ਼ਿਆਦਾ ਭਾਰ ਹੋਣ ਕਾਰਨ ਇਹ ਨਮੀ ਪਾਣੀ ਦੀਆਂ ਬੂੰਦਾਂ ਦੇ ਰੂਪ 'ਚ ਵਰ੍ਹਦੀ ਹੈ, ਜਿਸ ਨੂੰ ਅਸੀਂ ਆਮ ਬਰਸਾਤ ਕਹਿੰਦੇ ਹਾਂ। ਪਰ ਜਦੋਂ ਇੱਕ ਥਾਂ 'ਤੇ ਵੱਡੀ ਗਿਣਤੀ 'ਚ ਨਮੀ ਵਾਲੇ ਬੱਦਲ ਇਕੱਠੇ ਹੁੰਦੇ ਹਨ, ਤਾਂ ਬੱਦਲ ਫਟਦਾ ਹੈ।

By  KRISHAN KUMAR SHARMA June 27th 2024 02:19 PM

What is Cloud Burst : ਜਿਵੇਂ ਤੁਸੀਂ ਜਾਣਦੇ ਹੋ ਕਿ ਕੁਦਰਤ ਦੇ ਵੱਖ-ਵੱਖ ਰੂਪ ਹੁੰਦੇ ਹਨ, ਕੁਝ ਸੁਹਾਵਣੇ ਅਤੇ ਕੁਝ ਭਿਆਨਕ। ਇਨ੍ਹਾਂ 'ਚੋਂ ਇੱਕ ਬੱਦਲ ਫਟਣਾ ਹੈ। ਮਾਹਿਰਾਂ ਮੁਤਾਬਕ ਕੁਦਰਤ ਦਾ ਇਹ ਕਹਿਰ ਬਰਸਾਤ ਦੇ ਮੌਸਮ 'ਚ ਦੇਖਣ ਨੂੰ ਮਿਲਦਾ ਹੈ। ਬੱਦਲ ਫਟਣ ਦੀਆਂ ਘਟਨਾਵਾਂ ਅਕਸਰ ਪਹਾੜੀ ਖੇਤਰਾਂ 'ਚ ਦੇਖਣ ਨੂੰ ਮਿਲਦੀਆਂ ਹਨ। ਤਾਂ ਆਉ ਜਾਣਦੇ ਹਾਂ ਬੱਦਲ ਕਦੋਂ ਅਤੇ ਕਿਵੇਂ ਫਟਦਾ ਹੈ? ਅਤੇ ਇਹ ਪਹਾੜਾਂ 'ਤੇ ਹੀ ਕਿਉਂ ਫਟਦੇ ਹਨ?

ਬੱਦਲ ਕਦੋਂ ਫਟਦਾ ਹੈ?

ਮਾਹਰਾਂ ਅਨੁਸਾਰ ਬੱਦਲਾਂ 'ਚ ਨਮੀ ਹੁੰਦੀ ਹੈ। ਜਦੋਂ ਇਹ ਨਮੀ ਵਧ ਜਾਂਦੀ ਹੈ ਤਾਂ ਬੱਦਲਾਂ ਦੀ ਘਣਤਾ ਵਧ ਜਾਂਦੀ ਹੈ। ਜ਼ਿਆਦਾ ਭਾਰ ਹੋਣ ਕਾਰਨ ਇਹ ਨਮੀ ਪਾਣੀ ਦੀਆਂ ਬੂੰਦਾਂ ਦੇ ਰੂਪ 'ਚ ਵਰ੍ਹਦੀ ਹੈ, ਜਿਸ ਨੂੰ ਅਸੀਂ ਆਮ ਬਰਸਾਤ ਕਹਿੰਦੇ ਹਾਂ। ਪਰ ਜਦੋਂ ਇੱਕ ਥਾਂ 'ਤੇ ਵੱਡੀ ਗਿਣਤੀ 'ਚ ਨਮੀ ਵਾਲੇ ਬੱਦਲ ਇਕੱਠੇ ਹੁੰਦੇ ਹਨ, ਤਾਂ ਬੱਦਲ ਫਟਦਾ ਹੈ। ਕਿਉਂਕਿ ਉੱਥੇ ਮੌਜੂਦ ਪਾਣੀ ਦੀਆਂ ਬੂੰਦਾਂ ਆਪਸ 'ਚ ਰਲ ਜਾਂਦੀਆਂ ਹਨ, ਘਣਤਾ ਵਧ ਜਾਂਦੀ ਹੈ ਅਤੇ ਇਸ ਨਾਲ ਭਾਰੀ ਮੀਂਹ ਪੈਂਦਾ ਹੈ।

ਬੱਦਲ ਕਿਵੇਂ ਫਟਦਾ ਹੈ?

ਬਰਸਾਤ ਦੇ ਸਭ ਤੋਂ ਉੱਚੇ ਪੱਧਰ ਨੂੰ ਬੱਦਲ ਫਟਣਾ ਕਿਹਾ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਜਦੋਂ ਇੱਕ ਘੰਟੇ 'ਚ ਦਸ ਸੈਂਟੀਮੀਟਰ ਤੋਂ ਵੱਧ ਮੀਂਹ ਪੈਂਦਾ ਹੈ ਤਾਂ ਇਸਨੂੰ ਬੱਦਲ ਫਟਣ ਦੀ ਸ਼੍ਰੇਣੀ 'ਚ ਗਿਣਿਆ ਜਾਂਦਾ ਹੈ। ਦਸ ਦਈਏ ਕਿ ਬੱਦਲ ਫਟਣ ਕਾਰਨ ਥੋੜ੍ਹੇ ਸਮੇਂ 'ਚ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ। ਯਾਨੀ ਕਿ ਜਿਸ ਖੇਤਰ 'ਚ ਬੱਦਲ ਫਟਦੇ ਹਨ, ਉੱਥੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਂਦਾ ਹੈ। ਜਿਸ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਣਦੇ ਹਨ। ਵੈਸੇ ਤਾਂ ਧਰਤੀ ਤੋਂ ਲਗਭਗ 15 ਕਿਲੋਮੀਟਰ ਦੀ ਉਚਾਈ 'ਤੇ ਬੱਦਲ ਫਟਦੇ ਦੇਖੇ ਜਾਣਦੇ ਹਨ।

ਵਿਗਿਆਨਕ ਸ਼ਬਦ ਕਲਾਊਡ ਬਰਸਟ ਹੈ : ਕਲਾਊਡ ਬਰਸਟ ਸ਼ਬਦ ਮੁਹਾਵਰੇ ਵਜੋਂ ਵਰਤਿਆ ਜਾਂਦਾ ਹੈ। ਮੌਸਮ ਵਿਗਿਆਨੀ ਇਸ ਸ਼ਬਦ ਦੀ ਵਰਤੋਂ ਆਪਣੀ ਭਾਸ਼ਾ 'ਚ ਕਰਦੇ ਹਨ। ਜਿਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਬੱਦਲ ਗੁਬਾਰੇ ਜਾਂ ਸਿਲੰਡਰ ਵਾਂਗ ਫਟਦਾ ਹੈ। ਬੱਦਲ ਫਟਣ ਦਾ ਅਰਥ ਹੈ ਕਿ ਜੇਕਰ ਪਾਣੀ ਨਾਲ ਭਰਿਆ ਗੁਬਾਰਾ ਫਟ ਜਾਵੇ ਤਾਂ ਬਹੁਤ ਸਾਰਾ ਪਾਣੀ ਇੱਕੋ ਥਾਂ 'ਤੇ ਡਿੱਗਦਾ ਹੈ। ਬੱਦਲ ਫਟਣ ਦੀ ਘਟਨਾ ਵੇਲੇ ਵੀ ਅਜਿਹਾ ਹੀ ਹਾਲ ਦੇਖਣ ਨੂੰ ਮਿਲਦਾ ਹੈ। ਇਸ ਕੁਦਰਤੀ ਵਰਤਾਰੇ ਨੂੰ 'ਕਲਾਊਡ ਬਰਸਟ ਜਾਂ ਫਲੈਸ਼ ਫਲੱਡ ਵੀ ਕਿਹਾ ਜਾਂਦਾ ਹੈ।

ਬੱਦਲ ਪਹਾੜਾਂ 'ਤੇ ਹੀ ਕਿਉਂ ਫਟਦੇ ਹਨ?

ਹੋਰ ਥਾਵਾਂ ਦੇ ਮੁਕਾਬਲੇ ਪਹਾੜੀ ਖੇਤਰਾਂ 'ਚ ਬੱਦਲ ਫਟਣ ਦੀਆਂ ਘਟਨਾਵਾਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਦਸ ਦਈਏ ਕਿ ਜਦੋਂ ਪਾਣੀ ਨਾਲ ਭਰੇ ਬੱਦਲ ਹਵਾ ਨਾਲ ਚਲਦੇ ਹਨ, ਤਾਂ ਉਹ ਪਹਾੜਾਂ ਦੇ ਵਿਚਕਾਰ ਫਸ ਜਾਣਦੇ ਹਨ। ਉੱਚੇ ਪਹਾੜ ਉਨ੍ਹਾਂ ਬੱਦਲਾਂ ਨੂੰ ਅੱਗੇ ਨਹੀਂ ਜਾਣ ਦਿੰਦੇ। ਇਸ ਤਰ੍ਹਾਂ ਬੱਦਲਾਂ ਦਾ ਪਾਣੀ ਪਹਾੜਾਂ ਵਿਚਕਾਰ ਫਸ ਜਾਂਦਾ ਹੈ ਅਤੇ ਮੀਂਹ ਦੇ ਰੂਪ 'ਚ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਬੱਦਲਾਂ ਦੀ ਘਣਤਾ ਆਮ ਨਾਲੋਂ ਜ਼ਿਆਦਾ ਹੋਣ ਕਾਰਨ ਮੀਂਹ ਵੀ ਤੇਜ਼ ਹੁੰਦਾ ਹੈ।

Related Post