Punjab Weather : ਪੰਜਾਬ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ, ਜਾਣੋ ਚੰਡੀਗੜ੍ਹ ਦਾ ਮੌਸਮ

ਪੰਜਾਬ ਦੇ ਕਈ ਸ਼ਹਿਰਾਂ ਵਿੱਚ ਦੇਰ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਉਥੇ ਹੀ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ।

By  Dhalwinder Sandhu August 11th 2024 08:38 AM -- Updated: August 11th 2024 09:34 AM

Weather Update : ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਤੇ ਅੱਜ ਸੂਬੇ ਭਰ ਵਿੱਚ ਮੀਂਹ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪਰ ਇਹ ਅਲਰਟ ਸਿਰਫ਼ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਤੱਕ ਹੀ ਸੀਮਤ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ ਨਾਲ ਹੀ ਗੁਰਦਾਸਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐਸਏਐਸ ਨਗਰ ਵਿੱਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਪੂਰੇ ਸੂਬੇ 'ਚ 25 ਤੋਂ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। 

ਕੱਲ੍ਹ ਪਏ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ

ਕੱਲ੍ਹ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਜਿਸ ਤੋਂ ਬਾਅਦ ਸੂਬੇ ਦੇ ਔਸਤ ਤਾਪਮਾਨ 'ਚ 1.3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਗਿਰਾਵਟ ਤੋਂ ਬਾਅਦ ਸੂਬੇ ਵਿੱਚ ਤਾਪਮਾਨ ਆਮ ਵਾਂਗ ਹੋ ਗਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਲੁਧਿਆਣਾ ਅਧੀਨ ਪੈਂਦੇ ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 36.5 ਡਿਗਰੀ ਦਰਜ ਕੀਤਾ ਗਿਆ ਹੈ।


ਪੰਜਾਬ ਵਿੱਚ ਮਾਨਸੂਨ ਕਮਜ਼ੋਰ 

ਪੰਜਾਬ ਵਿੱਚ ਮਾਨਸੂਨ ਕਮਜ਼ੋਰ ਹੋ ਰਿਹਾ ਹੈ। ਅਗਸਤ ਮਹੀਨੇ ਵਿਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਸੀ ਪਰ ਇਸ ਦੇ ਬਾਵਜੂਦ ਬਾਰਿਸ਼ ਆਮ ਨਾਲੋਂ 36 ਫੀਸਦੀ ਘੱਟ ਹੈ। ਜੇਕਰ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਜੁਲਾਈ ਵਿੱਚ ਸੁਸਤ ਰਹਿਣ ਵਾਲਾ ਮਾਨਸੂਨ ਅਗਸਤ ਵਿੱਚ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ। ਹਰਿਆਣਾ 'ਚ ਅਗਸਤ ਦੇ ਪਹਿਲੇ 10 ਦਿਨਾਂ 'ਚ 44 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਦਸ ਦਿਨਾਂ ਵਿੱਚ ਇੱਥੇ 76.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।


ਚੰਡੀਗੜ੍ਹ ਦਾ ਮੌਸਮ

ਸਿਟੀ ਬਿਊਟੀਫੁੱਲ ਯਾਨੀ ਚੰਡੀਗੜ੍ਹ 'ਚ ਮਾਨਸੂਨ ਫਿਰ ਤੋਂ ਸਰਗਰਮ ਹੋ ਗਿਆ ਹੈ। ਕੁਝ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ। ਤਾਪਮਾਨ ਵਿੱਚ ਵੀ ਕਮੀ ਆਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਐਤਵਾਰ ਨੂੰ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ।

ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਦਰਜ ਕੀਤਾ ਗਿਆ। 

Related Post