ਮੌਸਮ ਦਾ ਮਿਜ਼ਾਜ : ਮਾਰਚ ਦੇ ਪਹਿਲੇ ਹਫ਼ਤੇ ਪਸੀਨੇ ਛੁੱਟਣ ਦੀ ਸੰਭਾਵਨਾ, ਜਾਣੋ ਆਉਣ ਵਾਲੇ ਦਿਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ
ਨਵੀਂ ਦਿੱਲੀ : ਹਰ ਸਾਲ ਸਰਦੀ ਦੀ ਮਿਆਦ ਘੱਟਦੀ ਜਾ ਰਹੀ ਹੈ। ਇਸ ਵਾਰ ਉੱਤਰ ਭਾਰਤ ਵਿਚ ਗਰਮੀ ਦਾ ਅਹਿਸਾਸ ਜਲਦੀ ਹੋਣ ਲੱਗੇਗਾ। ਇਸ ਵਾਰ ਹੋਲੀ ਸਮੇਂ ਦਰਮਿਆਨੀ ਗਰਮੀ ਪੈਣ ਦੀ ਸੰਭਾਵਨਾ ਹੈ। ਹੋਲੀ ਦੇ ਤਿਉਹਾਰ ਤੱਕ ਤਾਪਮਾਨ ਇੰਨਾ ਵੱਧ ਜਾਵੇਗਾ ਕਿ ਤੁਹਾਨੂੰ ਪਸੀਨਾ ਆਉਣ ਲੱਗ ਜਾਵੇਗਾ। ਇਹ ਸਥਿਤੀ ਸਿਰਫ਼ ਦਿੱਲੀ ਐਨਸੀਆਰ 'ਚ ਹੀ ਨਹੀਂ ਬਲਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਬਣੀ ਹੋਈ ਹੈ।
ਪਿਛਲੇ ਕੁਝ ਸਾਲਾਂ ਤੋਂ ਠੰਢ ਦਾ ਸੀਜ਼ਨ ਛੋਟਾ ਹੁੰਦਾ ਜਾ ਰਿਹਾ ਹੈ। ਪਹਿਲਾਂ ਹੋਲੀ ਦੇ ਤਿਉਹਾਰ ਮੌਕੇ ਠੰਢ ਦਾ ਅਹਿਸਾਸ ਹੁੰਦਾ ਸੀ ਪਰ ਇਸ ਵਾਰ ਹੋਲੀ ਉਤੇ ਗਰਮੀ ਪੈਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਫਰਵਰੀ ਦਾ ਔਸਤ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਅਤੇ ਮਾਰਚ ਦਾ 29.6 ਡਿਗਰੀ ਸੈਲਸੀਅਸ ਹੈ ਪਰ ਇਸ ਵਾਰ ਫਰਵਰੀ ਦੇ ਤੀਜੇ ਹਫ਼ਤੇ ਹੀ ਇਹ 29 ਡਿਗਰੀ ਨੂੰ ਪਾਰ ਕਰ ਗਿਆ ਹੈ। 28 ਫਰਵਰੀ ਤੱਕ ਇਹ 32 ਡਿਗਰੀ ਸੈਲਸੀਅਸ ਨੂੰ ਛੂਹ ਜਾਵੇਗਾ। ਹਾਲਾਂਕਿ 25 ਤੋਂ 27 ਫਰਵਰੀ ਦੌਰਾਨ ਪੱਛਮੀ ਗੜਬੜੀ ਸਰਗਰਮ ਹੋਵੇਗੀ, ਜਿਸ ਕਾਰਨ ਹਲਕੀ ਬਾਰਿਸ਼ ਹੋਵੇਗੀ। ਇਸ ਨਾਲ ਆਉਣ ਵਾਲੇ ਦਿਨਾਂ ਵਿਚ ਗਰਮੀ ਉਤੇ ਕੋਈ ਅਸਰ ਨਹੀਂ ਪਵੇਗਾ। ਮੌਸਮ ਵਿਗਿਆਨੀਆਂ ਅਨੁਸਾਰ, ਇਸਦੇ ਪਿੱਛੇ ਮੁੱਖ ਕਾਰਨ ਨਾ ਸਿਰਫ ਜਲਵਾਯੂ ਪਰਿਵਰਤਨ ਕਾਰਨ ਅਤਿਅੰਤ ਮੌਸਮੀ ਘਟਨਾਵਾਂ ਦੀ ਵਧਦੀ ਗਿਣਤੀ ਹੈ, ਬਲਕਿ ਮਜ਼ਬੂਤ ਪੱਛਮੀ ਗੜਬੜੀ ਦੀ ਅਣਹੋਂਦ ਵੀ ਹੈ। ਪਿਛਲੇ ਕੁਝ ਦਿਨਾਂ ਤੋਂ ਕੋਈ ਮਜ਼ਬੂਤ ਪੱਛਮੀ ਗੜਬੜ ਨਹੀਂ ਸੀ। ਅਸਮਾਨ ਲਗਾਤਾਰ ਸਾਫ਼ ਹੈ ਅਤੇ ਸੂਰਜ ਵੀ ਹਰ ਰੋਜ਼ ਖਿੜ ਰਿਹਾ ਹੈ। ਜਿਸ ਕਾਰਨ ਤਾਪਮਾਨ ਅਤੇ ਗਰਮੀ ਵਧ ਰਹੀ ਹੈ।
ਇਹ ਵੀ ਪੜ੍ਹੋ : GST ਮੁਆਵਜ਼ੇ ਦੇ 16982 ਕਰੋੜ ਰੁਪਏ ਬਕਾਏ ਦੀ ਅਦਾਇਗੀ ਕਰੇਗੀ ਸਰਕਾਰ: ਨਿਰਮਲਾ ਸੀਤਾਰਮਨ
ਘੱਟੋ-ਘੱਟ ਤਾਪਮਾਨ ਵੀ 10 ਤੋਂ 11 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਮਹੀਨੇ ਦੇ ਅੰਤ ਤੱਕ 12 ਤੋਂ 13 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਹਿਸਾਬ ਨਾਲ ਮਾਰਚ ਦੇ ਪਹਿਲੇ ਹਫ਼ਤੇ ਵੱਧ ਤੋਂ ਵੱਧ ਤਾਪਮਾਨ 35-36 ਅਤੇ ਘੱਟੋ-ਘੱਟ 14-15 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਅਜਿਹੇ 'ਚ ਪਸੀਨਾ ਆਉਣਾ ਤੈਅ ਹੈ।